-ਗੋਲ਼ੀਆਂ ਚਲਾਉਣ ਨਾਲ ਇਕ ਹੋਰ ਬੱਚਾ ਜ਼ਖ਼ਮੀ

-ਹਿੰਦੂ ਮਹਿਲਾ ਉਮੀਦਵਾਰ ਵੱਲੋਂ ਘਰ-ਘਰ ਪ੍ਰਚਾਰ

ਇਸਲਾਮਾਬਾਦ (ਏਜੰਸੀ) : ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਇਸ ਸਮੇਂ ਦੇਸ਼ 'ਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਕਈ ਥਾਈਂ ਸਿਆਸੀ ਕਿੜਾਂ ਕੱਢੀਆਂ ਜਾ ਰਹੀਆਂ ਹਨ ਤੇ ਕੁਝ ਥਾਵਾਂ 'ਤੇ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਲਈ ਗੋਲ਼ੀ ਸਿੱਕੇ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਤਾਜ਼ਾ ਖ਼ਬਰ ਲਾਹੌਰ ਸ਼ਹਿਰ ਤੋਂ ਸਾਹਮਣੇ ਆਈ ਹੈ ਜਿਥੇ ਕੋਟ ਲੱਖਪਤ ਵਿਖੇ ਇਕ ਉਮੀਦਵਾਰ ਵੱਲੋਂ ਕੀਤੀ ਜਾ ਰਹੀ ਨੁੱਕੜ ਮੀਟਿੰਗ ਨੂੰ ਖ਼ਰਾਬ ਕਰਨ ਲਈ ਦੋ ਹਥਿਆਰਬੰਦ ਲੋਕਾਂ ਨੇ ਮੀਟਿੰਗ ਦੌਰਾਨ ਫਾਇਰਿੰਗ ਕਰ ਦਿੱਤੀ ਫਾਇਰਿੰਗ 'ਚ ਇਕ ਬੱਚੇ ਦੇ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਮਜ਼ਹਰ ਖ਼ਾਨ (9) ਨਾਮਕ ਇਸ ਬੱਚੇ ਨੂੰ ਤੁਰੰਤ ਹਸਪਤਾਲ ਪੁਚਾਇਆ ਗਿਆ ਜਿਥੇ ਉਹ ਦਮ ਤੋੜ ਗਿਆ ਜਦਕਿ ਦੂਜੇ ਬੱਚੇ ਫਾਹਦ ਦੀ ਹਾਲਤ ਸਥਿਰ ਹੈ ਤੇ ਉਸ ਦੀ ਲੱਤ 'ਚ ਗੋਲ਼ੀ ਲੱਗੀ ਹੈ। ਇਸ ਬਾਰੇ ਲਾਹੌਰ ਜਨਰਲ ਹਸਪਤਾਲ ਦੇ ਡਾਕਟਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਗੋਲ਼ੀਬਾਰੀ ਨੂੰ ਲੈ ਕੇ ਹੁਣ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਤੇ ਸਬੰਧਤ ਪਾਰਟੀ ਨੇ ਦੂਜੀ ਪਾਰਟੀ 'ਤੇ ਮੀਟਿੰਗ ਦੌਰਾਨ ਗੋਲ਼ੀਬਾਰੀ ਕਰਾਉਣ ਦਾ ਦੋਸ਼ ਲਗਾਇਆ ਹੈ। ਵੱਖ-ਵੱਖ ਜਥੇਬੰਦੀਆਂ ਨੇ ਉਕਤ ਪਾਰਟੀ ਨੂੰ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਹੈ।

ਹਿੰਦੂ ਉਮੀਦਵਾਰ ਲੀਲਾ ਵੱਲੋਂ ਚੋਣ ਪ੍ਰਚਾਰ

ਐੱਨਏ-218 ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਇਕੋ-ਇਕ ਹਿੰਦੂ ਅੌਰਤ ਲੀਲਾ ਲੋਹਾਰ ਵੱਲੋਂ ਆਪਣੇ ਤੌਰ 'ਤੇ ਧੂੰਆਂਧਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਘਰ-ਘਰ ਜਾ ਕੇ ਲੋਕਾਂ ਤੋਂ ਆਪਣੇ ਲਈ ਵੋਟ ਮੰਗ ਰਹੀ ਹੈ। ਉਹ ਹਿੰਦੂ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਤੇ ਉਨ੍ਹਾਂ ਦੇ ਵਿਕਾਸ ਲਈ ਇਹ ਚੋਣ ਲੜ ਰਹੀ ਹੈ। ਉਸ ਦੇ ਮੁਕਾਬਲੇ ਖੜੇ ਸਿਆਸੀ ਪਾਰਟੀ ਦੇ ਉਮੀਦਵਾਰ ਆਪਣੇ ਸਾਧਨਾਂ ਰਾਹੀਂ ਰੋਜ਼ਾਨਾ ਹਜ਼ਾਰਾਂ ਵੋਟਰਾਂ ਨੂੰ ਮਿਲ ਰਹੇ ਹਨ ਜਦਕਿ ਲੀਲਾ ਆਪਣੇ ਸੀਮਤ ਸਾਧਨਾਂ ਨਾਲ ਹੀ ਚੋਣ ਪ੍ਰਚਾਰ ਕਰ ਰਹੀ ਹੈ ਤੇ ਕੁਝ ਵੋਟਰਾਂ ਤਕ ਹੀ ਰੋਜ਼ਾਨਾ ਸੰਪਰਕ ਕਰ ਰਹੀ ਹੈ।