ਦਰਗਾਹ 'ਤੇ ਹਮਲੇ ਪਿੱਛੋਂ ਪਾਕਿ ਫੌਜ ਵੱਲੋਂ 100 ਅੱਤਵਾਦੀ ਢੇਰ

Updated on: Fri, 17 Feb 2017 09:43 PM (IST)
  

ਅੱਤਵਾਦੀਆਂ ਦੇ ਖਾਤਮੇ ਲਈ ਸਾਰੀ ਰਾਤ ਚੱਲੀ ਦੇਸ਼ 'ਚ ਕਾਰਵਾਈ

ਅੱਤਵਾਦੀਆਂ ਨੂੰ ਖ਼ਤਮ ਕਰਨ ਦੀ ਕਾਰਵਾਈ ਜਾਰੀ ਰੱਖਣ ਦਾ ਐਲਾਨ

ਇਸਲਾਮਾਬਾਦ (ਪੀਟੀਆਈ) :

ਸੂਫੀ ਸੰਤ ਲਾਲ ਸ਼ਹਿਬਾਜ਼ ਕਲੰਦਰ ਦੀ ਦਰਗਾਹ 'ਤੇ ਆਤਮਘਾਤੀ ਧਮਾਕਾ ਕਰਨ ਵਾਲੇ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਹੱਥੋਂ ਹੱਥੀਂ ਸਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਰਾਤ ਇਸ ਧਮਾਕੇ 'ਚ ਮਾਰੇ ਗਏ ਬੇਕਸੂਰ ਲੋਕਾਂ ਦਾ ਬਦਲਾ ਲੈਂਦੇ ਹੋਏ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ 100 ਅੱਤਵਾਦੀਆਂ ਨੂੰ ਮਾਰ ਮੁਕਾਇਆ। ਅੱਤਵਾਦੀਆਂ ਦੇ ਖਾਤਮੇ ਲਈ ਸਾਰੇ ਦੇਸ਼ 'ਚ ਪੂਰੀ ਰਾਤ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਅੱਤਵਾਦੀਆਂ ਨੂੰ ਖ਼ਤਮ ਕਰਨ ਤਕ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਹੈ।

ਸਿੰਧ ਸੂਬੇ 'ਚ ਸਥਿਤ ਸ਼ਹਿਬਾਜ਼ ਕਲੰਦਰ ਦੀ ਦਰਗਾਹ 'ਤੇ ਹੋਇਆ ਇਹ ਅੱਤਵਾਦੀ ਹਮਲਾ ਪਿਛਲੇ ਕੁਝ ਸਾਲਾਂ 'ਚ ਪਾਕਿਸਤਾਨ 'ਚ ਹੋਏ ਸਭ ਤੋਂ ਖ਼ਤਰਨਾਕ ਹਮਲਿਆਂ 'ਚੋਂ ਇਕ ਹੈ। ਇਸ ਵਿਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਜਦਕਿ 250 ਲੋਕ ਜ਼ਖ਼ਮੀ ਹੋਏ ਹਨ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈਐੱਸ ਨੇ ਲਈ ਹੈ। ਪੈਰਾਮਿਲਟਰੀ ਸਿੰਧ ਰੇਂਜਰਸ ਨੇ ਕਿਹਾ ਕਿ ਸੂਬੇ 'ਚ ਸਾਰੀ ਰਾਤ ਚੱਲੀ ਕਾਰਵਾਈ 'ਚ 18 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਥੇ ਖੈਬਰ ਪਖਤੂਨਖਵਾ ਸੂਬੇ ਦੀ ਪੁਲਿਸ ਨੇ 12 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਕਬਾਇਲੀ ਖੇਤਰ ਖੁਰਮ 'ਚ ਤਿੰਨ, ਬਲੋਚਿਸਤਾਨ 'ਚ ਦੋ ਅਤੇ ਪੰਜਾਬ ਸੂਬੇ ਦੇ ਸਰਗੋਧਾ 'ਚ ਦੋ ਅੱਤਵਾਦੀਆਂ ਨੂੁੰ ਮਾਰਨ 'ਚ ਕਾਮਯਾਬੀ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਦੇ ਖ਼ਿਲਾਫ਼ ਇਹ ਕਾਰਵਾਈ ਅੱਗੇ ਹੋਰ ਵੀ ਤੇਜ਼ ਹੋਵੇਗੀ ਕਿਉਂਕਿ ਸਰਕਾਰ ਨੇ ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਸੰਕਲਪ ਕੀਤਾ ਹੈ।

ਹਮਲੇ ਖ਼ਿਲਾਫ਼ ਪ੍ਰਦਰਸ਼ਨ

ਪਾਕਿਸਤਾਨ 'ਚ ਲੋਕਾਂ ਨੇ ਸ਼ੁੱਕਰਵਾਰ ਨੂੁੰ ਅੱਤਵਾਦੀ ਹਮਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਲੋਕਾਂ ਨੇ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ 'ਚ ਨਾਕਾਮ ਰਹੀ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ 'ਚ ਭੰਨਤੋੜ ਕੀਤੀ ਅਤੇ ਪੁਲਿਸ ਦੀ ਗੱਡੀ ਨੂੁੰ ਅੱਗ ਲਗਾ ਦਿੱਤੀ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਦਰਗਾਹ 'ਚ ਹਜ਼ਾਰਾਂ ਲੋਕ ਆਉਂਦੇ ਹਨ ਅਤੇ ਉਨ੍ਹਾਂ ਦੀ ਜਾਂਚ ਲਈ ਸਿਰਫ਼ ਇਕ ਸਕੈਨਰ ਲੱਗਾ ਹੈ। ਉਹ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ।

ਅਫਗਾਨਿਸਤਾਨ ਨੂੰ ਸੌਂਪੀ ਅੱਤਵਾਦੀਆਂ ਦੀ ਸੂੁਚੀ

ਪਾਕਿਸਤਾਨੀ ਫ਼ੌਜ ਨੇ ਅਫਗਾਨਿਸਤਾਨ ਨੂੁੰ ਉਥੇ ਲੁਕੇ 76 ਅੱਤਵਾਦੀਆਂ ਦੀ ਸੂਚੀ ਸੌਂਪੀ ਹੈ। ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਅਫਗਾਨ ਦੂਤਘਰ ਦੇ ਅਧਿਕਾਰੀ ਨੂੰ ਬੁਲਾ ਕੇ ਇਹ ਸੂਚੀ ਸੌਂਪੀ ਗਈ। ਅਫਗਾਨ ਸਰਕਾਰ ਨੂੰ ਇਨ੍ਹਾਂ ਅੱਤਵਾਦੀਆਂ ਖ਼ਿਲਾਫ਼ ਛੇਤੀ ਕਾਰਵਾਈ ਲਈ ਕਿਹਾ ਗਿਆ ਹੈ। ਹਾਲਾਂਕਿ ਫ਼ੌਜ ਨੇ ਸੂਚੀ 'ਚ ਸ਼ਾਮਿਲ ਅੱਤਵਾਦੀਆਂ ਦਾ ਨਾਂ ਜਨਤਕ ਨਹੀਂ ਕੀਤਾ।

ਅਫਗਾਨ ਸਰਹੱਦ ਸੀਲ

ਪਾਕਿਸਤਾਨ ਨੇ ਸ਼ੁੱਕਰਵਾਰ ਸਵੇਰੇ ਅਫਗਾਨਿਸਤਾਨ ਨਾਲ ਲੱਗਦੀ ਤੋਰਖਾਮ ਸਰਹੱਦ ਸੀਲ ਕਰ ਦਿੱਤੀ। ਇਹ ਸਰਹੱਦ ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਅਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਨੂੰ ਜੋੜਦੀ ਹੈ। ਇਥੋਂ ਰੋਜ਼ਾਨਾ ਹਜ਼ਾਰਾਂ ਅਫਗਾਨ ਨਾਗਰਿਕ ਆਪਣੇ ਜਾਣ ਪਛਾਣ ਵਾਲਿਆਂ ਨੂੰ ਮਿਲਣ ਅਤੇ ਦਵਾਈਆਂ ਆਦਿ ਲੈਣ ਪਾਕਿਸਤਾਨ ਆਉਂਦੇ ਹਨ। ਇਸ ਫ਼ੈਸਲੇ ਦੇ ਕਾਰਨ ਵੱਡੀ ਗਿਣਤੀ ਵਿਚ ਲੋਕ ਸਰਹੱਦ 'ਤੇ ਫੱਸ ਗਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak crackdown after Sufi shrine blast; 39 militants killed