ਜਾਧਵ ਨੂੰ ਬਚਾਉਣ ਲਈ ਟਰੰਪ ਤੋਂ ਕੀਤੀ ਮੰਗ

Updated on: Fri, 21 Apr 2017 06:32 PM (IST)
  

ਵਾਸ਼ਿੰਗਟਨ (ਪੀਟੀਆਈ) :

ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੇ ਉਥੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਬਚਾਉਣ ਦੀ ਮੁਹਿੰਮ ਛੇੜੀ ਹੈ। ਇਸ ਲਈ ਉਨ੍ਹਾਂ ਨੇ ਵ੍ਹਾਈਟ ਹਾਊਸ ਦੀ ਵੈੱਬਸਾਈਟ 'ਤੇ ਜਾ ਕੇ 'ਵੀ ਦ ਪੀਪਲ ਪਟੀਸ਼ਨ' ਦੇ ਜ਼ਰੀਏ ਜਾਧਵ ਦੇ ਮਾਮਲੇ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਖਲ ਦੀ ਮੰਗ ਕੀਤੀ ਹੈ। ਜਾਧਵ ਨੂੰ ਈਰਾਨ ਤੋਂ ਅਗਵਾ ਕਰਕੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੁੰ ਸੌਂਪਿਆ ਗਿਆ, ਜਿਸ 'ਤੇ ਉਨ੍ਹਾਂ ਨੇ ਭਾਰਤੀ ਜਾਸੂਸ ਦੱਸ ਕੇ ਫ਼ੌਜੀ ਅਦਾਲਤ ਵਿਚ ਮੁਕੱਦਮਾ ਚਲਾਇਆ ਅਤੇ ਸਫ਼ਾਈ ਦਾ ਮੌਕਾ ਦਿੱਤੇ ਬਿਨਾਂ ਮੌਤ ਦੀ ਸਜ਼ਾ ਸੁਣਾ ਦਿੱਤੀ। ਪਟੀਸ਼ਨ 'ਚ ਜਾਧਵ ਦੀ ਗਿ੍ਰਫ਼ਤਾਰੀ ਅਤੇ ਫ਼ੌਜੀ ਅਦਾਲਤ 'ਚ ਸੁਣਵਾਈ ਦੀ ਪ੍ਰਕਿਰਿਆ ਦਾ ਵਿਰੋਧ ਕੀਤਾ ਗਿਆ ਹੈ। ਜਾਧਵ 'ਤੇ ਲਗਾਏ ਗਏ ਦੋਸ਼ਾਂ ਨੂੁੰ ਝੂਠਾ ਅਤੇ ਮਨਘੜਤ ਦੱਸਿਆ ਗਿਆ ਹੈ। ਪਟੀਸ਼ਨ 'ਤੇ ਟਰੰਪ ਪ੍ਰਸ਼ਾਸਨ ਧਿਆਨ ਦੇਵੇ, ਇਸ ਦੇ ਲਈ ਉਸ 'ਤੇ 14 ਮਈ ਤਕ ਇਕ ਲੱਖ ਲੋਕਾਂ ਦੇ ਦਸਤਖਤ ਹੋਣੇ ਚਾਹੀਦੇ ਹਨ। 46 ਸਾਲਾ ਜਾਧਵ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਹਨ। ਉਹ ਪਿਛਲੇ ਕਈ ਸਾਲਾਂ ਤੋਂ ਕਾਰੋਬਾਰ ਦੇ ਸਿਲਸਿਲੇ 'ਚ ਈਰਾਨ ਜਾਂਦੇ-ਆਉਂਦੇ ਸਨ। ਪਾਕਿਸਤਾਨੀ ਏਜੰਸੀਆਂ ਨੇ ਉਨ੍ਹਾਂ 'ਤੇ ਬਲੋਚਿਸਤਾਨ 'ਚ ਵੱਖਵਾਦੀਆਂ ਦੀ ਮਦਦ ਕਰਨ ਅਤੇ ਗੜਬੜੀ ਫੈਲਾਉਣ ਦਾ ਦੋਸ਼ ਲਗਾਇਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: online petiyion