ਐਂਡੋਵਰ (ਰਾਇਟਰ) : ਅਮਰੀਕਾ ਦੇ ਮੈਸਾਚੁਸੇਟਸ ਸੂਬੇ ਦੀ ਰਾਜਧਾਨੀ ਬੋਸਟਨ ਦੇ ਉਪਨਗਰੀ ਇਲਾਕਿਆਂ 'ਚ ਸ਼ੁੱਕਰਵਾਰ ਨੂੰ ਗੈਸ ਪਾਈਪਲਾਈਨ 'ਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਐਂਡੋਵਰ, ਉੱਤਰੀ ਐਂਡੋਵਰ ਤੇ ਲਾਰੈਂਸ 'ਚ ਹੋਏ ਇਨ੍ਹਾਂ ਧਮਾਕਿਆਂ ਨਾਲ ਦਰਜਨਾਂ ਘਰਾਂ ਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਇਨ੍ਹਾਂ ਧਮਾਕਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ। 12 ਲੋਕ ਜ਼ਖ਼ਮੀ ਹਨ ਤੇ ਕਰੀਬ ਅੱਠ ਹਜ਼ਾਰ ਲੋਕ ਬੇਘਰ ਹੋ ਗਏ। ਅੱਗੇ ਹੋਰ ਧਮਾਕੇ ਨਾ ਹੋਣ, ਇਸ ਦੇ ਲਈ ਫਾਇਰ ਬਿ੫ਗੇਡ ਮੁਲਾਜ਼ਮ ਘਰ-ਘਰ ਜਾ ਕੇ ਗੈਸ ਤੇ ਬਿਜਲੀ ਸਪਲਾਈ ਬੰਦ ਕਰ ਰਹੇ ਹਨ। ਮੈਸਾਚੁਸੇਟਸ ਪੁਲਿਸ ਮੁਤਾਬਿਕ, ਕਰੀਬ 70 ਜਗ੍ਹਾ ਅੱਗ ਲੱਗਣ, ਧਮਾਕਾ ਹੋਣ ਤੇ ਗੈਸ ਰਿਸਣ ਦੀ ਰਿਪੋਰਟਾਂ ਦਰਜ ਹੋਈਆਂ ਹਨ। ਘਰਾਂ 'ਚ ਗੈਸ ਪਹੁੰਚਾਉਣ ਦੀ ਮੁੱਖ ਪਾਈਪਲਾਈਲ 'ਚ ਦਬਾਅ ਵਧਣ ਨੂੰ ਧਮਾਕੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਸੂਬੇ ਦੇ ਗਵਰਨਰ ਚਾਰਲੀ ਬੇਕਰ ਨੇ ਕਿਹਾ ਕਿ ਹਾਲੇ ਲੋਕਾਂ ਦੀ ਸੁਰੱਖਿਆ ਮੁੱਢਲੀ ਪਹਿਲ ਹੈ। ਉਨ੍ਹਾਂ ਦੀ ਸੁਰੱਖਿਆ ਯਕੀਨੀ ਹੁੰਦੇ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਗੈਸ ਲੀਕ ਹੋਣ ਦੇ ਖ਼ਤਰੇ ਨੂੰ ਵੇਖਦਿਆਂ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।