ਵਾਸ਼ਿੰਗਟਨ (ਪੀਟੀਆਈ) :

ਅਮਰੀਕਾ ਨਾਲ ਪਹਿਲੀ ਟੂ ਪਲੱਸ ਟੂ ਵਾਰਤਾ ਦੇ ਇਕ ਹਫ਼ਤੇ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਅਮਰੀਕਾ ਪਹੁੰਚੇ ਹਨ। ਉਹ ਇਥੇ ਟਰੰਪ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਦੋਨਾਂ ਦੇਸ਼ਾਂ ਦਰਮਿਆਨ ਛੇ ਸਤੰਬਰ ਨੂੰ ਦਿੱਲੀ 'ਚ ਹੋਈ ਵਾਰਤਾ ਬਹੁਤ ਸਫਲ ਰਹੀ। ਇਸ ਵਿਚ 'ਕਾਮਕਾਸਾ' ਕਰਾਰ ਦਿੱਤਾ ਗਿਆ। ਇਸ ਦੇ ਬਾਅਦ ਅਮਰੀਕਾ ਲਈ ਭਾਰਤ ਦਾ ਮਹੱਤਵ ਨਾਟੋ ਮੈਂਬਰ ਦੇਸ਼ ਵਾਂਗ ਹੋ ਗਿਆ ਹੈ। ਇਸ ਦੌਰਾਨ 'ਤੇ ਡੋਭਾਲ ਦਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਅੱੈਨਐੱਸਏ ਜੌਨ ਬੋਲਟਨ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਇਸ ਦੇ ਇਲਾਵਾ ਉਹ ਰੱਖਿਆ ਵਿਭਾਗ ਦੇ ਹੋਰ ਪ੍ਰਮੁੱਖ ਅਧਿਕਾਰੀਆਂ ਅਤੇ ਥਿੰਕ ਟੈਂਕ ਨਾਲ ਜੁੜੇ ਲੋਕਾਂ ਨੂੰ ਵੀ ਮਿਲ ਸਕਦੇ ਹਨ। ਇਨ੍ਹਾਂ ਮੁੁਲਾਕਾਤਾਂ 'ਚ ਅਫ਼ਗਾਨਿਸਤਾਨ-ਪਾਕਿਸਤਾਨ ਖੇਤਰ 'ਚ ਦੋ-ਪੱਖੀ ਅਤੇ ਸੁਰੱਖਿਆ ਖ਼ਾਸ ਤੌਰ 'ਤੇ ਅੱਤਵਾਦ ਨਾਲ ਮੁਕਾਬਲੇ ਦੇ ਮਸਲੇ 'ਤੇ ਚਰਚਾ ਹੋ ਸਕਦੀ ਹੈ। ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਅਤੇ ਵ੍ਹਾਈਟ ਹਾਊਸ ਨੇ ਡੋਭਾਲ ਦੇ ਦੌਰੇ ਅਤੇ ਉਨ੍ਹਾਂ ਦੇ ਪ੍ਰੋਗਰਾਮ ਦੇ ਬਾਰੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਇਸ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਵਿਭਾਗ ਦੀ ਤਰਜਮਾਨ ਹੀਥਰ ਨੌਅਰਟ ਨੇ ਕਿਹਾ ਕਿ ਭਾਰਤ, ਅਮਰੀਕਾ ਦਾ ਨਜ਼ਦੀਕੀ ਦੋਸਤ ਹੈ। ਦੋਨਾਂ ਦੇਸ਼ਾਂ ਦੇ ਲੋਕਾਂ 'ਚ ਡੂੰਘੇ ਸਬੰਧ ਹਨ। ਅਮਰੀਕਾ 'ਚ 30 ਲੱਖ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ। ਇਸ ਲਈ ਯਕੀਨਨ ਅਸੀਂ ਇਨ੍ਹਾਂ ਮੁਲਾਕਾਤਾਂ ਅਤੇ ਗੱਲਬਾਤ ਦਾ ਹਿੱਸਾ ਹਾਂ।