ਮਿਸ ਯੂਨੀਵਰਸ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ-2017

Updated on: Sat, 12 Aug 2017 06:45 PM (IST)
  

ਸੀਐਨਟੀ 715

ਨੇਪੀਅਰ ਦੀ 19 ਸਾਲਾ ਮਾਓਰੀ ਕੁੜੀ ਹਰਲੇਮ-ਕਰੂਜ਼ ਅਟਾਰਾਂਗੀ ਈਹਇਆ ਬਣੀ ਮਿਸ ਯੂਨੀਵਰਸ ਨਿਊਜ਼ੀਲੈਂਡ

-21 ਕੁੜੀਆਂ ਦਾ ਸਕਾਈਸਿਟੀ ਥੀਏਟਰ ਵਿਖੇ ਹੋਇਆ ਸੁੰਦਰਤਾ ਮੁਕਾਬਲਾ

-ਜੱਜਾਂ ਦੇ ਪੈਨਲ ਵਿਚ ਸ਼ਾਮਿਲ ਸੀ ਝੁਲਸੇ ਚਿਹਰੇ ਦੇ ਬਾਵਜੂਦ ਅਰੀਨਾ ਦੇਸ਼ਪਾਂਡੇ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ :

ਮਿਸ ਯੂਨੀਵਰਸ ਨਿਊਜ਼ੀਲੈਂਡ- 2017 ਦਾ ਆਖ਼ਰੀ ਮੁਕਾਬਲਾ ਸਕਾਈਸਿਟੀ ਥੀਏਟਰ ਆਕਲੈਂਡ ਵਿਖੇ ਹੋਇਆ ਜਿਸ 'ਚ ਨੇਪੀਅਰ ਸ਼ਹਿਰ ਦੀ 19 ਸਾਲਾ ਮਾਓਰੀ ਸਿੱਖਿਆ ਅਤੇ ਸੱਭਿਆਚਾਰ ਦੀ ਅਧਿਆਪਕਾ ਹਰਲੇਮ-ਕਰੂਜ਼ ਅਟਾਰਾਂਗੀ ਈਹਇਆ ਨੇ 'ਮਿਸ ਯੂਨੀਵਰਸ ਨਿਊਜ਼ੀਲੈਂਡ 2017' ਦਾ ਤਾਜ ਆਪਣੇ ਸਿਰ 'ਤੇ ਸਜਾ ਲਿਆ।

ਜੇਤੂ ਐਲਾਨੇ ਜਾਣ ਵੇਲੇ ਉਹ ਇਕ ਤਰ੍ਹਾਂ ਨਾਲ ਹੱਕੀ-ਬੱਕੀ ਜਿਹੀ ਰਹਿ ਗਈ ਸੀ। ਇਸ ਜੇਤੂ ਕੁੜੀ ਨੂੰ ਇਨਾਮ ਵਿਚ ਹੌਂਡਾ ਜ਼ਾਜ ਆਰਅੰੱਸ ਸਪੋਰਟਸ ਮਾਡਲ ਕਾਰ ਮਿਲੇਗੀ ਅਤੇ ਚਾਰ ਅੰਤਰਰਾਸ਼ਟਰੀ ਟਿ੍ਰਪ ਮਿਲੇ ਹਨ। ਉਹ 26 ਨਵੰਬਰ ਨੂੰ ਮਿਸ ਯੂਨੀਵਰਸ ਵਿਚ ਭਾਗ ਲੈਣ ਵੀ ਜਾਵੇਗੀ ਜਿਸ ਦਾ ਸਥਾਨ ਅਜੇ ਤੈਅ ਹੋਣਾ ਹੈ। ਇਸ ਸੁੰਦਰਤਾ ਮੁਕਾਬਲੇ ਵਿਚ ਭਾਗ ਲੈਣ ਲਈ ਉਹ ਆਪਣੇ ਪਰਿਵਾਰ ਦੀਆਂ ਮਹਿਲਾਵਾਂ ਤੋਂ ਪ੍ਰੇਰਿਤ ਸੀ।

ਖ਼ੂਬਸੂਰਤੀ ਸਿਰਫ਼ ਸ਼ਕਲ ਤੋਂ ਨਹੀਂ ਪਹਿਚਾਣੀ ਜਾਂਦੀ ਬਹੁਤ ਕੁਝ ਵੇਖਿਆ ਜਾਂਦਾ ਹੈ ਇਨ੍ਹਾਂ ਮੁਕਾਬਲਿਆਂ ਵਿਚ। ਸਦਕੇ ਜਾਈਏ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਕਿਸੇ ਕਾਰਨ ਖ਼ਰਾਬ ਹੋ ਗਏ ਚਿਹਰੇ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਛੋਟੀ ਗੱਲ ਦਰਸਾਇਆ ਅਤੇ ਇਕ ਇਸਤਰੀ ਦੇ ਗੁਣਾਂ ਦੀ ਕਦਰ ਕਰਦੇ ਹੋਏ ਆਪਣੇ 6 ਜੱਜਾਂ ਦੇ ਪੈਨਲ ਵਿਚ 33 ਸਾਲਾ ਅਰੀਨਾ ਦੇਸ਼ਪਾਂਡੇ ਨੂੰ ਸ਼ਾਮਿਲ ਕੀਤਾ। ਅਰੀਨਾ ਦੇਸ਼ਪਾਂਡੇ ਜਦੋਂ 2 ਸਾਲਾਂ ਦੀ ਸੀ ਤਾਂ ਇਸ ਦੀ ਮਾਂ ਨੇ ਇਸ ਨੂੰ ਅਤੇ ਇਸ ਦੀ 5 ਸਾਲਾ ਭੈਣ (ਆਪਣੇ ਦੂਜੀ ਪੁੱਤਰੀ) ਨੂੰ ਵੈਸਟ ਆਕਲੈਂਡ ਦੇ ਵਿਚ ਇਕ ਕਾਰ ਵਿਚ ਕੁਝ ਸਮੇਂ ਲਈ ਛੱਡਿਆ ਤਾਕਿ ਉਹ ਕੁਝ ਸਮਾਨ ਕਿਸੇ ਨੂੰ ਫੜਾ ਆਵੇ। ਵਾਪਿਸ ਆਈ ਤਾਂ ਕਾਰ ਨੂੰ ਅੱਗ ਲੱਗੀ ਹੋਈ ਮਿਲੀ। ਬਾਅਦ ਵਿਚ ਪਤਾ ਲੱਗਾ 5 ਸਾਲਾ ਪੁੱਤਰੀ ਦੇ ਹੱਥ ਵਿਚ ਇਕ ਮਾਚਸ ਦੀ ਡੱਬੀ ਸੀ, ਸ਼ਾਇਦ ਉਸੇ ਕਾਰਨ ਕਾਰ ਨੂੰ ਅੱਗ ਲਈ। ਅਰੀਨਾ ਦਾ ਚਿਹਰਾ ਤੇ ਸਰੀਰ 80% ਝੁਲਸ ਗਿਆ ਸੀ ਜਦਕਿ ਇਸ ਦੀ ਭੈਣ ਬਾਅਦ ਵਿਚ ਦਮ ਤੋੜ ਗਈ ਸੀ। ਇਸ ਨੇ ਬਹੁਤ ਅੌਖਾ ਸਮਾਂ ਸਮਾਜ ਦੇ ਵਿਚ ਲੰਘਾਇਆ ਪਰ ਇਸ ਦੀ ਕਦਰ ਇਕ ਕੀਵੀ ਫੈਸ਼ਨ ਸੰਸਥਾ ਨੇ ਐਨੀ ਪਾ ਦਿੱਤੀ ਕਿ ਅੱਜ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਗੈਸਟ ਸਪੀਕਰ ਹੈ ਅਤੇ ਲੋਕਾਂ ਦੇ ਅੰਦਰ ਦੀ ਖੂਬਸੂਰਤੀ ਆਪਣੇ ਝੁਲਸੇ ਹੋਏ ਚਿਹਰੇ ਰਾਹੀਂ ਪ੍ਰਗਟ ਕਰਕੇ ਦੁਨੀਆ ਦੇ ਸਾਹਮਣੇ ਇਸਤਰੀਅਤ ਦਾ ਝੰਡਾ ਬੁਲੰਦ ਕਰ ਰਹੀ ਹੈ। ਨਾਂਅ ਤੋਂ ਇਹ ਪਰਿਵਾਰ ਭਾਰਤੀ ਮੂਲ ਦਾ ਹੀ ਜਾਪਦਾ ਹੈ, ਪਰ ਲੰਬੇ ਸਮੇਂ ਤੋਂ ਇਥੇ ਰਹਿ ਰਿਹਾ ਹੈ। ਸੋ ਖੂਬਸੂਰਤੀ ਦੀ ਕਦਰ ਕਰਨ ਵਾਸਤੇ ਖ਼ੂਬਸੂਰਤ ਲੋਕਾਂ ਦਾ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ। ਇਸ ਮਹਿਲਾ ਜੱਜ ਦੀ ਚੋਣ ਆਪਣੇ ਆਪ ਵਿਚ ਬਹੁਤ ਕੁਝ ਕਹਿ ਰਹੀ ਹੈ ਜਿਸ ਨੁੂੰ ਸਮਝਣ ਦੀ ਲੋੜ ਹੈ।

ਕੈਪਸ਼ਨ-ਮਿਸ ਯੂਨੀਵਰਸ ਨਿਊਜ਼ੀਲੈਂਡ ਚੁਣੀ ਗਈ 19 ਸਾਲਾ ਹਰਲੇਮ-ਕਰੂਜ਼ ਅਟਾਰਾਂਗੀ ਈਹਇਆ ਤਾਜ ਸਜਾਉਣ ਬਾਅਦ ਅਤੇ ਉਸ ਤੋਂ ਪਹਿਲਾਂ।

ਫੋਟੋ ਬੀ.

ਸੁੰਦਰਤਾ ਮੁਕਾਬਲੇ ਦੀ ਮਹਿਲਾ ਜੱਜ ਅਰੀਨਾ ਦੇਸ਼ਪਾਂਡੇ।

____________________________________

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: miss universe