10 ਸੀਐੱਨਟੀ 04

ਨਿਊਯਾਰਕ (ਪੀਟੀਆਈ) : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਸ-ਸਹੁਰੇ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਹੈ। ਦੇਸ਼ ਦੀ ਪ੍ਰਥਮ ਮਹਿਲਾ ਮੈਲੇਨੀਆ ਦੇ ਮਾਤਾ-ਪਿਤਾ ਅਮਾਲਿਜਾ ਅਤੇ ਵਿਕਟਰ ਕਨਾਵਸ ਸਲੋਵੇਨੀਆ ਦੇ ਰਹਿਣ ਵਾਲੇ ਹਨ। ਦੋਨਾਂ ਨੂੰ ਜਿਸ ਪ੍ਰੋਗਰਾਮ ਤਹਿਤ ਅਮਰੀਕੀ ਨਾਗਰਿਕਤਾ ਦਿੱਤੀ ਗਈ ਉਸ ਦੀ ਖ਼ੁਦ ਟਰੰਪ ਕਈ ਵਾਰ ਆਲੋਚਨਾ ਕਰ ਚੁੱਕੇ ਹਨ। ਬਾਲਿਗ ਅਮਰੀਕੀ ਇਸ ਰਾਹੀਂ ਆਪਣੇ ਸਬੰਧੀਆਂ ਨੂੰ ਨਾਗਰਿਕਤਾ ਦਿਵਾ ਸਕਦੇ ਹਨ।

ਟਰੰਪ ਇਸ ਨੂੰ 'ਚੇਨ ਮਾਈਗ੍ਰੇਸ਼ਨ' ਦਾ ਨਾਂ ਵਰਤ ਕੇ ਇਸ ਦੀ ਆਲੋਚਨਾ ਕਰਦੇ ਰਹੇ ਹਨ। ਇਸ ਤਹਿਤ ਲੋਕ ਆਪਣੇ ਪੂਰੇ ਪਰਿਵਾਰ ਨੂੰ ਇਥੇ ਵਸਾ ਲੈਂਦੇ ਹਨ। ਇਹ ਅੱਤਵਾਦੀਆਂ ਦੇ ਵੀ ਦੇਸ਼ 'ਚ ਦਾਖ਼ਲ ਹੋਣ ਦਾ ਰਾਹ ਆਸਾਨ ਕਰ ਦਿੰਦਾ ਹੈ। ਇਹ ਬਹੁਤ ਖ਼ਤਰਨਾਕ ਹੈ, ਇਸ ਨੂੰ ਜਲਦੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਮੈਲੇਨੀਆ ਦੇ ਮਾਤਾ-ਪਿਤਾ ਨੇ ਵੀਰਵਾਰ ਨੂੰ ਸੰਘੀ ਇਮੀਗ੍ਰੇਸ਼ਨ ਅਦਾਲਤ 'ਚ ਨਾਗਰਿਕਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਦੋਨਾਂ ਨੂੰ ਕਿਸੇ ਆਮ ਨਾਗਰਿਕ ਦੀ ਤਰ੍ਹਾਂ ਹੀ ਨਿਯਮਾਂ ਤਹਿਤ ਨਾਗਰਿਕਤਾ ਦਿੱਤੀ ਗਈ ਹੈ। ਗ੍ਰੀਨ ਕਾਰਡ ਮਿਲਣ ਪਿੱਛੋਂ ਉਨ੍ਹਾਂ ਨੇ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਗ੍ਰੀਨ ਕਾਰਡ ਕਦੋਂ ਅਤੇ ਕਿਵੇਂ ਮਿਲਿਆ ਸੀ?