ਈਰਾਨ ਨਾਲ ਹੋਇਆ ਪਰਮਾਣੂ ਸਮਝੌਤਾ ਅਮਰੀਕਾ ਲਈ ਖ਼ਤਰਨਾਕ

Updated on: Thu, 12 Oct 2017 05:59 PM (IST)
  

- ਇਸੇ ਹਫ਼ਤੇ ਹੋ ਸਕਦੀ ਹੈ ਤੋੜਨ ਦੀ ਸਿਫਾਰਸ਼

ਵਾਸ਼ਿੰਗਟਨ (ਏਐੱਫਪੀ) : ਈਰਾਨ ਨਾਲ ਹੋਇਆ ਪਰਮਾਣੂ ਸਮਝੌਤਾ ਅਮਰੀਕਾ ਲਈ ਖ਼ਤਰਨਾਕ ਹੈ। ਇਸ 'ਤੇ ਫ਼ੈਸਲੇ ਦੇ ਐਲਾਨ ਦੇ ਨਾਲ ਹੀ ਇਕ ਮਤਾ ਵੀ ਰੱਖਿਆ ਜਾਵੇਗਾ ਜਿਸ 'ਤੇ ਕੰਮ ਕਰਕੇ ਈਰਾਨ ਸਾਬਿਤ ਕਰ ਸਕਦਾ ਹੈ ਕਿ ਉਹ ਪਰਮਾਣੂ ਹਥਿਆਰ ਦੇ ਵਿਕਾਸ ਤੋਂ ਦੂਰ ਹੈ। ਇਹ ਗੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ 'ਚ ਕਹੀ ਹੈ।

ਟਰੰਪ ਨੇ ਕਿਹਾ ਕਿ ਸੰਨ 2015 'ਚ ਮਹਾਸ਼ਕਤੀਆਂ ਨਾਲ ਹੋਇਆ ਈਰਾਨ ਦਾ ਪਰਮਾਣੂ ਸਮਝੌਤਾ ਇਕ ਰੱਦੀ ਸਮਝੌਤਾ ਹੈ। ਇਸ 'ਤੇ ਚੱਲ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਇਸ ਸਮਝੌਤੇ 'ਤੇ ਈਰਾਨ ਨਾਲ ਅਮਰੀਕਾ ਸਮੇਤ ਕੁੱਲ ਛੇ ਵੱਡੇ ਦੇਸ਼ਾਂ ਨੇ ਦਸਤਖ਼ਤ ਕੀਤੇ ਸਨ। ਇਸ ਸਮਝੌਤੇ ਤਹਿਤ ਈਰਾਨ ਨੇ ਪਰਮਾਣੂ ਹਥਿਆਰ ਨਾ ਬਣਾਉਣ ਦਾ ਵਾਅਦਾ ਕੀਤਾ ਹੈ, ਬਦਲੇ 'ਚ ਉਸ ਤੋਂ ਅਮਰੀਕਾ ਅਤੇ ਯੂਰਪ ਨੇ ਪਾਬੰਦੀ ਹਟਾਈ ਹੈ। ਨਾਲ ਹੀ ਈਰਾਨ ਨੂੰ ਤਕਨੀਕੀ ਮਦਦ ਵੀ ਦਿੱਤੀ ਜਾ ਰਹੀ ਹੈ। ਟਰੰਪ ਸ਼ੁਰੂ ਤੋਂ ਹੀ ਇਸ ਸਮਝੌਤੇ ਦੇ ਵਿਰੋਧ 'ਚ ਹਨ। ਹਾਲੀਆ ਈਰਾਨ ਵੱਲੋਂ ਦਰਮਿਆਨੀ ਦੂਰੀ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਫਿਰ ਤੋਂ ਪਾਬੰਦੀ ਲਗਾਉਣ ਦਾ ਮਤਾ ਸੰਸਦ ਕੋਲ ਭੇਜਿਆ ਹੈ। ਪ੍ਰਕਿਰਿਆ ਮੁਤਾਬਕ, ਅਮਰੀਕੀ ਰਾਸ਼ਟਰਪਤੀ ਨੂੰ ਹਰ 90 ਦਿਨ ਬਾਅਦ ਆਪਣੀ ਸੰਸਦ ਨੂੰ ਦੱਸਣਾ ਪੈਂਦਾ ਹੈ ਕਿ ਈਰਾਨ 2015 ਦੇ ਸਮਝੌਤੇ ਦੀ ਪਾਲਣਾ ਕਰ ਰਿਹਾ ਹੈ ਅਤੇ ਉਸ 'ਤੇ ਪਾਬੰਦੀ ਨੂੰ ਹਟਾਉਣ ਦਾ ਫ਼ੈਸਲਾ ਬਰਕਰਾਰ ਰਹਿਣਾ ਚਾਹੀਦਾ ਹੈ। ਟਰੰਪ ਨੇ ਹਾਲੇ ਤਕ ਇਸ ਸਮਝੌਤੇ 'ਤੇ ਬਣੇ ਰਹਿਣ ਲਈ ਸਿਫ਼ਾਰਸ਼ ਕੀਤੀ ਹੈ ਪਰ ਅਗਲੇ ਐਤਵਾਰ ਨੂੰ ਉਨ੍ਹਾਂ ਨੂੰ ਇਕ ਵਾਰੀ ਫਿਰ ਤੋਂ ਆਪਣੀ ਸਿਫਾਰਸ਼ ਸੰਸਦ ਨੂੰ ਭੇਜਣੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਤਾਜ਼ਾ ਸਿਫ਼ਾਰਸ਼ ਸਮਝੌਤੇ ਲਈ ਮਹੱਤਵਪੂਰਣ ਹੋ ਸਕਦੀ ਹੈ। ਜੇਕਰ ਉਹ ਸਮਝੌਤੇ ਨੂੰ ਜਾਰੀ ਨਾ ਰੱਖਣ ਦੀ ਸਿਫ਼ਾਰਸ਼ ਕਰਦੇ ਹਨ ਤਾਂ ਉਸ ਤੋਂ ਪਹਿਲਾਂ ਆਪਣੇ ਸਲਾਹਕਾਰਾਂ, ਮਿੱਤਰ ਯੂਰਪੀ ਦੇਸ਼ਾਂ ਅਤੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੀ ਰਾਇ ਵੀ ਲੈਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: iran atomic accord