ਚਾਈਨਾ ਏਅਰਲਾਈਨਜ਼ ਦੇ ਮੁਲਾਜ਼ਮਾਂ ਨੇ ਭਾਰਤੀ ਯਾਤਰੀਆਂ ਨਾਲ ਕੀਤੀ ਬਦਸਲੂਕੀ

Updated on: Sun, 13 Aug 2017 04:41 PM (IST)
  

- ਡੋਕਲਾਮ 'ਚ ਭਾਰਤੀ ਫ਼ੌਜ ਦੇ ਡਟੇ ਰਹਿਣ ਨਾਲ ਬੌਖਲਾਏ ਹਨ ਚੀਨੀ ਨਾਗਰਿਕ

ਬੀਜਿੰਗ (ਏਜੰਸੀ) : ਡੋਕਲਾਮ 'ਤੇ ਭਾਰਤ ਦੇ ਸਖ਼ਤ ਤੇਵਰ ਨਾਲ ਚੀਨੀ ਨਾਗਰਿਕ ਵੀ ਬੌਖਲਾ ਉੱਠੇ ਹਨ। ਅਜਿਹੇ ਹੀ ਇਕ ਮਾਮਲੇ 'ਚ ਸ਼ੰਘਾਈ ਪੁਡਾਂਗ ਕੌਮਾਂਤਰੀ ਹਵਾਈ ਅੱਡੇ 'ਤੇ ਚਾਈਨਾ ਏਅਰਲਾਈਨਜ਼ ਦੇ ਮੁਲਾਜ਼ਮਾਂ ਨੇ ਭਾਰਤੀ ਯਾਤਰੀਆਂ ਨਾਲ ਬਦਸਲੂਕੀ ਕੀਤੀ। ਇਸ ਮਾਮਲੇ ਦੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨੋਟਿਸ 'ਚ ਆਉਣ ਤੋਂ ਬਾਅਦ ਭਾਰਤ ਵੱਲੋਂ ਚੀਨੀ ਵਿਦੇਸ਼ ਮੰਤਰਾਲੇ ਤੇ ਏਅਰਪੋਰਟ ਅਧਿਕਾਰੀਆਂ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ ਚਾਈਨਾ ਈਸਟਰਨ ਏਅਰਲਾਈਨਜ਼ ਨੇ ਇਸ ਤਰ੍ਹਾਂ ਦੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਿਕ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਇਸ ਸਬੰਧ 'ਚ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਸੀ। ਚਾਹਲ ਛੇ ਅਗਸਤ ਨੂੰ ਚਾਈਨਾ ਈਸਟਰਨ ਏਅਰਲਾਈਨਜ਼ ਰਾਹੀਂ ਨਵੀਂ ਦਿੱਲੀ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ ਜਾ ਰਹੇ ਸਨ। ਉਨ੍ਹਾਂ ਨੇ ਸ਼ੰਘਾਈ ਪੁਡਾਂਗ 'ਚ ਰੁਕ ਕੇ ਇਸੇ ਏਅਰਲਾਈਨਜ਼ ਦੇ ਸੈਨ ਫਰਾਂਸਿਸਕੋ ਜਾਣ ਵਾਲੀ ਦੂਜੀ ਫਲਾਈਟ 'ਚ ਸਵਾਰ ਹੋਣਾ ਸੀ। ਚਾਹਲ ਨੇ ਦੱਸਿਆ ਕਿ ਜਹਾਜ਼ ਦੇ ਨਿਕਾਸ ਦੁਆਰ (ਵ੍ਹੀਲ ਚੇਅਰ ਵਾਲੇ ਯਾਤਰੀਆਂ ਲਈ) 'ਤੇ ਏਅਰਲਾਈਨਜ਼ ਦੇ ਗਰਾਊਂਡ ਸਟਾਫ ਵਾਲੇ ਭਾਰਤੀ ਯਾਤਰੀਆਂ ਨੂੰ ਅਪਮਾਨਤ ਕਰ ਰਹੇ ਸਨ। ਏਅਰਲਾਈਨਜ਼ ਮੁਲਾਜ਼ਮਾਂ ਦੀ ਬਾਡੀ ਲੈਂਗਵੇਜ ਤੋਂ ਲੱਗ ਰਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਸਰਹੱਦੀ ਵਿਵਾਦ ਤੋਂ ਖਿਝੇ ਹੋਏ ਹਨ। ਚਾਹਲ ਨੇ ਵਿਦੇਸ਼ ਮੰਤਰੀ ਨੂੰ ਇਹ ਸੁਝਾਅ ਵੀ ਦਿੱਤਾ ਹੈ ਕਿ ਉਹ ਭਾਰਤੀ ਯਾਤਰੀਆਂ ਨੂੰ ਚੀਨ ਦੇ ਰਸਤੇ ਟਰਾਂਜ਼ਿਟ ਯਾਤਰਾ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕਰਨ। ਯਾਦ ਰਹੇ ਕਿ ਸਿੱਕਿਮ ਖੇਤਰ ਦੇ ਡੋਕਲਾਮ 'ਚ ਭਾਰਤ ਤੇ ਚੀਨ ਦੀਆਂ ਫ਼ੌਜਾਂ ਆਹਮੋ ਸਾਹਮਣੇ ਹਨ। ਚੀਨ ਨੇ ਪਿਛਲੇ ਮਹੀਨੇ ਜਾਰੀ ਐਡਵਾਈਜ਼ਰੀ 'ਚ ਭਾਰਤ 'ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦਾ ਖ਼ਾਸ ਖ਼ਿਆਲ ਰੱਖਣ ਲਈ ਕਿਹਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India takes up with China complaint of Chinese airline