ਪਾਕਿ ਨੇ ਹਾਈ ਕਮਿਸ਼ਨ ਨੂੰ ਸਿੱਖ ਜਥੇ ਨੂੰ ਮਿਲਣ ਤੋਂ ਰੋਕਿਆ

Updated on: Sun, 15 Apr 2018 06:54 PM (IST)
  

ਭਾਰਤ ਵੱਲੋਂ ਪਾਕਿਸਤਾਨ ਕੋਲ ਸਖ਼ਤ ਰੋਸ ਪ੍ਰਗਟ

ਪਾਕਿ ਯਾਤਰਾ 'ਤੇ ਪੁੱਜੇ ਹਨ 1800 ਸਿੱਖ ਸ਼ਰਧਾਲੂ

ਨਵੀਂ ਦਿੱਲੀ (ਆਈਏਐੱਨਐੱਸ) : ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਗਏ ਜਥੇ ਨਾਲ ਮਿਲਣ ਤੋਂ ਰੋਕਣ 'ਤੇ ਭਾਰਤ ਨੇ ਪਾਕਿਸਤਾਨ ਕੋਲ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਬਾਰੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 12 ਅਪ੍ਰੈਲ ਤੋਂ 1800 ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਵਿਸਾਖੀ ਮਨਾਉਣ ਉਥੇ ਗਏ ਹੋਏ ਹਨ। ਇਸ ਯਾਤਰਾ ਨੂੰ ਮਨਜ਼ੂਰੀ ਦੋਵਾਂ ਦੇਸ਼ਾਂ ਵਿਚਕਾਰ ਹੋਏ ਦੁਵੱਲੇ ਸਮਝੌਤੇ ਤਹਿਤ ਦਿੱਤੀ ਜਾਂਦੀ ਹੈ ਤਾਂਕਿ ਸ਼ਰਧਾਲੂ ਤੀਰਥ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰ ਸਕਣ। ਇਸ ਤੋਂ ਪਹਿਲਾਂ ਇਹ ਪ੍ਰਥਾ ਚੱਲ ਰਹੀ ਹੈ ਕਿ ਪਾਕਿਸਤਾਨ ਗਏ ਜਥੇ ਨੂੰ ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਪਹੁੰਚ ਕਰਕੇ ਮੈਡੀਕਲ ਤੇ ਹੋਰ ਲੁੜੀਂਦੀਆਂ ਸਹੂਲਤਾਂ ਦਿੰਦੇ ਹਨ। ਇਸ ਸਾਲ ਭਾਰਤੀ ਹਾਈ ਕਮਿਸ਼ਨ ਦੀ ਟੀਮ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਗਈ। ਹਾਈ ਕਮਿਸ਼ਨ ਦੀ ਟੀਮ ਪਾਕਿ ਸਰਕਾਰ ਵੱਲੋਂ ਲਗਾਈ ਰੋਕ ਕਾਰਨ 12 ਅਪ੍ਰੈਲ ਨੂੰ ਪੁੱਜੇ ਜਥੇ ਦੇ ਸਵਾਗਤ ਲਈ ਵਾਹਗਾ ਰੇਲਵੇ ਸਟੇਸ਼ਨ 'ਤੇ ਨਹੀਂ ਪੁੱਜ ਸਕੀ। ਭਾਰਤੀ ਹਾਈ ਕਮਿਸ਼ਨ ਦੀ ਟੀਮ ਨੂੰ ਸ਼ਨਿਚਰਵਾਰ ਨੂੰ ਪੰਜਾ ਸਾਹਿਬ ਗੁਰਦੁਆਰੇ 'ਚ ਭਾਰਤੀ ਸਿੱਖ ਜਥੇ ਨਾਲ ਮਿਲਣ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਭਾਰਤੀ ਹਾਈ ਕਮਿਸ਼ਨ ਨੂੰ ਆਪਣੀ ਅਧਿਕਾਰਤ ਡਿਊਟੀ ਨਹੀਂ ਨਿਭਾਉਣ ਦਿੱਤੀ ਗਈ। ਓਕਾਫ ਬੋਰਡ ਦੇ ਚੇਅਰਮੈਨ ਦੇ ਸੱਦੇ 'ਤੇ ਗੁਰਦੁਆਰਾ ਪੰਜਾ ਸਾਹਿਬ ਜਾ ਰਹੇ ਭਾਰਤੀ ਹਾਈ ਕਮਿਸ਼ਨਰ ਅਜੇ ਬੀਸਰੀਆ ਨੂੰ ਰਸਤੇ ਵਿਚੋਂ ਹੀ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ। ਹਾਈ ਕਮਿਸ਼ਨਰ ਸਿੱਖ ਜਥੇ ਦੇ ਮੈਂਬਰਾਂ ਨੂੰ ਵਿਸਾਖੀ ਦੀ ਵਧਾਈ ਦੇਣ ਜਾ ਰਹੇ ਸਨ।

ਵਿਦੇਸ਼ ਵਿਭਾਗ ਦੇ ਬੁਲਾਰੇ ਰਾਵੀਸ਼ ਕੁਮਾਰ ਨੇ ਪਾਕਿਸਤਾਨ ਕੋਲ ਸਖ਼ਤ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ 1961 ਦੀ ਵਿਆਨਾ ਕਨਵੈਨਸ਼ਨ ਅਤੇ 1974 ਤੇ 1992 'ਚ ਭਾਰਤ-ਪਾਕਿ 'ਚ ਸ਼ਰਧਾਲੂਆਂ ਦੀ ਯਾਤਰਾ ਸਬੰਧੀ ਹੋਏ ਸਮਝੌਤਿਆਂ ਦੀ ਉਲੰਘਣਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India protests as Pakistan stops Sikh pilgrims from meeting diplomats