ਮੁੰਬਈ (ਪੀਟੀਆਈ) : ਇਸਲਾਮ ਧਰਮ ਦੇ ਵਿਵਾਦਤ ਪ੍ਰਚਾਰਕ ਜ਼ਾਕਿਰ ਨਾਇਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਦੇ ਵੀ ਅੱਤਵਾਦ ਨੂੰ ਬੜ੍ਹਾਵਾ ਨਹੀਂ ਦਿੱਤਾ। ਹਮੇਸ਼ਾ ਹੀ ਉਸ ਦਾ ਉਦੇਸ਼ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਕਾਇਮ ਰੱਖਣਾ ਰਿਹਾ ਹੈ। ਮਲੇਸ਼ੀਆ 'ਚ ਸ਼ਰਨ ਲਏ ਜ਼ਾਕਿਰ ਨੇ ਉਥੋਂ ਜਾਰੀ ਬਿਆਨ 'ਚ ਇਹ ਗੱਲ ਕਹੀ ਹੈ। ਭਗੌੜੇ ਜ਼ਾਕਿਰ ਨੇ ਸ਼ਰਨ ਦੇਣ ਲਈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦਾ ਸ਼ੁੱਕਰੀਆ ਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਮਲੇਸ਼ੀਆ ਦਾ ਕੋਈ ਕਾਨੂੰਨ ਨਹੀਂ ਤੋੜੇਗਾ। ਭਾਰਤ ਨੇ ਮਲੇਸ਼ੀਆ ਤੋਂ ਜ਼ਾਕਿਰ ਦੀ ਹਵਾਲਗੀ ਦੀ ਬੇਨਤੀ ਕੀਤੀ ਹੈ।

ਜ਼ਾਕਿਰ ਨੇ ਕਿਹਾ ਹੈ ਕਿ ਕੱਟ ਕੇ ਪੇਸ਼ ਕੀਤੀ ਗਈ ਵੀਡੀਓ ਕਲਿਪ ਅਤੇ ਬਿਨਾਂ ਪਿੱਠਭੂਮੀ ਦਾ ਜ਼ਿਕਰ ਕੀਤੇ ਭਾਸ਼ਣਾਂ ਦੇ ਆਧਾਰ 'ਤੇ ਉਸ ਨੂੰ ਅੱਤਵਾਦ ਨੂੰ ਬੜ੍ਹਾਵਾ ਦੇਣ ਅਤੇ ਧਨ ਦੇ ਨਾਜਾਇਜ਼ ਲੈਣ-ਦੇਣ ਦਾ ਦੋਸ਼ੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸਲਾਮ ਦੇ ਨਾਂ 'ਤੇ ਮੈਂ ਲੋਕਾਂ ਨੂੰ ਕਦੇ ਨਹੀਂ ਭੜਕਾਇਆ।