ਧੋਖਾਧੜੀ ਮਾਮਲੇ 'ਚ ਭਾਰਤੀ-ਅਮਰੀਕੀ ਨੂੰ 15 ਸਾਲ ਕੈਦ

Updated on: Fri, 19 May 2017 05:57 PM (IST)
  

ਨਿਊਯਾਰਕ (ਪੀਟੀਆਈ) : ਅਮਰੀਕਾ 'ਚ ਫਰਜ਼ੀ ਸਕੀਮਾਂ ਰਾਹੀਂ 100 ਨਿਵੇਸ਼ਕਾਂ ਨਾਲ 3.30 ਕਰੋੜ ਡਾਲਰਾਂ ਦੀ ਧੋਖਾਧੜੀ ਦੇ ਦੋਸ਼ੀ ਭਾਰਤੀ-ਅਮਰੀਕੀ ਨੂੰ ਅਦਾਲਤ ਨੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਵੀਨ ਸ਼ੰਕਰ ਸੁਬਰਾਮਣੀਅਮ ਜ਼ੇਵੀਅਰ ਜੋਕਿ ਫਲੋਰੀਡਾ ਦਾ ਰਹਿਣ ਵਾਲਾ ਤੇ ਅਸੈਕਸ ਹੋਲਡਿੰਗਜ਼ ਦਾ ਸਾਬਕਾ ਚੀਫ਼ ਐਗਜ਼ੈਕਟਿਵ ਹੈ ਨੇ ਆਪਣੀ ਕੰਪਨੀ ਰਾਹੀਂ ਦੋ ਫਰਾਡ ਸਕੀਮਾਂ ਚਲਾਈਆਂ। ਮਿਆਮੀ ਦੇ ਜ਼ਿਲ੍ਹਾ ਜੱਜ ਡੇਮਿਨ ਗੇਲਸ ਨੇ ਕੱਲ੍ਹ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ।

ਪਹਿਲੀ ਸਕੀਮ ਤਹਿਤ 100 ਨਿਵੇਸ਼ਕਾਂ ਨੇ 3 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਇਹ ਪੈਸਾ ਚਿਲੀ 'ਚ ਲੋਹੇ ਦੀਆਂ ਖਾਣਾਂ ਲਈ ਕਰਵਾਇਆ ਗਿਆ ਤੇ ਪ੍ਰਾਪਤ ਰਕਮ 'ਤੇ ਵਿਆਜ ਦਿੱਤਾ ਜਾਣਾ ਸੀ। ਦੂਜੀ ਸਕੀਮ ਦੱਖਣੀ ਕੈਰੋਲਿਨਾ ਸੂਬੇ 'ਚ ਕੀਮਤੀ ਸਨਅਤੀ ਪ੍ਰਾਪਰਟੀ 'ਤੇ ਨਿਵੇਸ਼ ਲਈ ਚਲਾਈ ਗਈ। ਇਸ ਤਹਿਤ 12 ਲੱਖ ਡਾਲਰ ਦਾ ਨਿਵੇਸ਼ਕਾਂ ਨੇ ਨਿਵੇਸ਼ ਕੀਤਾ। ਨਵੀਨ ਨੂੰ ਜਨਵਰੀ ਮਹੀਨੇ ਇਨ੍ਹਾਂ ਦੋ ਸਕੀਮਾਂ 'ਚ ਫਰਾਡ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਨਿਵੇਸ਼ਕਾਂ ਨੇ ਅਦਾਲਤ 'ਚ ਸਤੰਬਰ 2010 ਤੋਂ ਮਈ 2014 ਤਕ ਦੇ ਦਸਤਾਵੇਜ਼ ਪੇਸ਼ ਕੀਤੇ। ਨਵੀਨ ਜਾਅਲੀ ਵਿੱਤੀ ਸਟੇਟਮੈਂਟਾਂ ਤੇ ਜਾਅਲੀ ਦਸਤਾਵੇਜ਼ਾਂ ਦਾ ਦੋਸ਼ੀ ਪਾਇਆ ਗਿਆ। ਉਸ ਨੇ ਨਿਵੇਸ਼ਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਤੇ ਅੱਯਾਸ਼ੀ ਦਾ ਜੀਵਨ ਬਤੀਤ ਕੀਤਾ। ਉਸ ਨੇ ਨਵੇਂ ਨਿਵੇਸ਼ਕਾਂ ਦਾ ਪੈਸਾ ਪੁਰਾਣੇ ਨਿਵੇਸ਼ਕਾਂ ਦੀ ਰਕਮ ਵਾਪਿਸ ਕਰਨ ਲਈ ਵਰਤਿਆ। ਅਦਾਲਤ 'ਚ ਪੇਸ਼ ਕੀਤੇ ਦਸਤਾਵੇਜ਼ਾਂ ਅਨੁਸਾਰ ਉਕਤ ਦੋ ਸਕੀਮਾਂ 'ਚ ਨਿਵੇਸ਼ਕਾਂ ਨੂੰ 2.90 ਕਰੋੜ ਦਾ ਨੁਕਸਾਨ ਹੋਇਆ। ਉਸ ਨੇ ਨਿਵੇਸ਼ਕਾਂ ਨੂੰ ਜਾਅਲੀ ਬੈਂਕ ਸਟੇਟਮੈਂਟ ਤੇ ਵਿਦੇਸ਼ਾਂ 'ਚ ਠੇਕਿਆਂ ਬਾਰੇ ਜਾਅਲੀ ਦਸਤਾਵੇਜ਼ ਵਿਖਾ ਕੇ ਨਿਵੇਸ਼ ਲਈ ਉਤਸ਼ਾਹਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: FRAUD CASE