ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਨਵੀਂ ਚੁਣੀ 15ਵੀਂ ਨੈਸ਼ਨਲ ਅਸੈਂਬਲੀ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਮਰਾਨ ਚੋਟੀ ਪਾਰਟੀਆਂ ਦੀ ਮਦਦ ਨਾਲ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।

ਪਾਕਿਸਤਾਨ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੇ ਨਵੇਂ ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ ਸਪੀਕਰ ਤੇ ਡਿਪਟੀ ਸਪੀਕਰ ਚੁਣੇ ਜਾਣਗੇ। ਇਮਰਾਨ ਦੀ ਪਾਰਟੀ ਨੇ 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ 180 ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ। ਪੀਟੀਆਈ ਦੇ ਬੁਲਾਰੇ ਫਵਾਦ ਚੌਧਰੀ ਨੇ ਕਿਹਾ ਕਿ ਇਮਰਾਨ 14 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਚਾਹਵਾਨ ਹਨ। ਪਰ ਨੈਸ਼ਨਲ ਅਸੈਂਬਲੀ 'ਚ ਪ੍ਰਧਾਨ ਮੰਤਰੀ ਦੀ ਚੋਣ ਸਮੇਤ ਸਾਰੀਆਂ ਰਸਮਾਂ ਕਾਰਨ ਉਹ 15 ਅਗਸਤ ਤੋਂ ਪਹਿਲਾਂ ਸਹੁੰ ਨਹੀਂ ਚੁੱਕ ਸਕਣਗੇ।

------------

ਇਨਸੈੱਟ

ਇਮਰਾਨ ਨੇ ਚੋਣ ਕਮਿਸ਼ਨ ਤੋਂ ਮੰਗੀ ਮਾਫ਼ੀ

ਇਮਰਾਨ ਖ਼ਾਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਤੋਂ ਲਿਖਤੀ ਮਾਫ਼ੀ ਮੰਗ ਲਈ। ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਨੇ ਇਕ ਦੇ ਮੁਕਾਬਲੇ ਤਿੰਨ ਵੋਟਾਂ ਨਾਲ ਉਨ੍ਹਾਂ ਦੀ ਮਾਫ਼ੀ ਮਨਜ਼ੂਰ ਕਰ ਲਈ। ਇਸ ਨਾਲ ਉਨ੍ਹਾਂ ਦੇ ਸਹੁੰ ਚੁਕਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਮਰਾਨ ਨੇ ਇਸਲਾਮਾਬਾਦ ਦੇ ਇਕ ਮਤਦਾਨ ਕੇਂਦਰ 'ਚ ਮੀਡੀਆ ਦੇ ਸਾਹਮਣੇ ਬੈਲਟ ਪੇਪਰ 'ਤੇ ਮੋਹਰ ਲਗਾਈ ਸੀ।