ਅਮਰੀਕਾ 'ਚ ਪਹਿਲੀ ਵਾਰ ਕਿਸੇ ਭਾਰਤੀ ਦੀ ਮੌਤ ਦੀ ਸਜ਼ਾ ਦੀ ਤਰੀਕ ਤੈਅ

Updated on: Thu, 11 Jan 2018 06:30 PM (IST)
  

10 ਸੀਐੱਨਟੀ 1006

ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਪੈਨਸਿਲਵੇਨੀਆ ਵਿਚ 10 ਮਹੀਨੇ ਦੀ ਬੱਚੀ ਅਤੇ ਉਸ ਦੀ ਦਾਦੀ ਦੀ ਹੱਤਿਆ ਦੇ ਦੋਸ਼ੀ ਭਾਰਤੀ ਰਘੂਨੰਦਨ ਯੰਦਾਮੁਰੀ ਦੀ ਮੌਤ ਦੀ ਸਜ਼ਾ 'ਤੇ ਅਮਲ ਲਈ 23 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ। 32 ਸਾਲ ਦੇ ਰਘੂਨੰਦਨ ਨੂੰ 2014 ਵਿਚ ਫਿਰੌਤੀ ਲਈ ਅਗ਼ਵਾ ਕਰਨ ਅਤੇ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਆਂਧਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲਾ ਰਘੂਨੰਦਨ ਪਹਿਲਾ ਭਾਰਤੀ ਹੈ ਜਿਸ ਨੂੰ ਅਮਰੀਕਾ ਵਿਚ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਐੱਚ-1 ਬੀ ਵੀਜ਼ਾ 'ਤੇ ਅਮਰੀਕਾ ਪੁੱਜੇ ਇਲੈਕਟ੫ੀਕਲ ਅਤੇ ਕੰਪਿਊਟਰ ਸਾਇੰਸ ਦੇ ਇੰਜੀਨੀਅਰ ਰਘੂਨੰਦਨ ਨੂੰ ਮੌਤ ਦੀ ਸਜ਼ਾ ਤਹਿਤ ਜ਼ਹਿਰੀਲਾ ਇੰਜੈਕਸ਼ਨ ਲਗਾਇਆ ਜਾਵੇਗਾ। ਰਘੂਨੰਦਨ ਨੇ ਦੋਸ਼ੀ ਸਾਬਤ ਹੋਣ ਪਿੱਛੋਂ ਖ਼ੁਦ ਹੀ ਮੌਤ ਦੀ ਸਜ਼ਾ ਨੂੰ ਸਵੀਕਾਰ ਕੀਤਾ ਸੀ ਹਾਲਾਂਕਿ ਬਾਅਦ ਵਿਚ ਉਸ ਨੇ ਸਜ਼ਾ ਖ਼ਿਲਾਫ਼ ਅਪੀਲ ਕੀਤੀ ਪ੍ਰੰਤੂ ਪਿਛਲੇ ਸਾਲ ਅਪ੍ਰੈਲ ਮਹੀਨੇ 'ਚ ਉਸ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ। ਵੈਸੇ ਰਘੂਨੰਦਨ ਦੀ ਸਜ਼ਾ ਟੱਲ ਵੀ ਸਕਦੀ ਹੈ ਕਿਉਂਕਿ ਪੈਨਸਿਲਵੇਨੀਆ ਦੇ ਗਵਰਨਰ ਟਾਮ ਵੁਲਫ ਨੇ 2015 ਵਿਚ ਮੌਤ ਦੀ ਸਜ਼ਾ ਦਿੱਤੇ ਜਾਣ 'ਤੇ ਰੋਕ ਲਗਾ ਦਿੱਤੀ ਸੀ। ਇਸ ਪਿੱਛੋਂ ਪੈਨਸਿਲਵੇਨੀਆ ਟਾਸਕ ਫੋਰਸ ਅਤੇ ਸਲਾਹਕਾਰ ਕਮੇਟੀ ਰਾਜ 'ਚ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ 'ਤੇ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲੇ ਰਾਜ ਦੇ ਅਧਿਕਾਰੀ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦੇ ਸਕਦੇ। ਅਮਰੀਕਾ ਦੇ ਇਸ ਰਾਜ ਵਿਚ ਲਗਪਗ ਦੋ ਦਹਾਕੇ ਤੋਂ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Execution date set for first Indian origin death row prisoner