ਡੋਕਲਾਮ ਰੇੜਕੇ ਤੋਂ ਸਬਕ ਲੈਣਾ ਚਾਹੀਦਾ ਹੈ : ਚੀਨ

Updated on: Tue, 19 Dec 2017 06:45 PM (IST)
  

ਬੀਜਿੰਗ (ਪੀਟੀਆਈ) : ਸ਼ੁੱਕਰਵਾਰ ਨੂੰ ਭਾਰਤ-ਚੀਨ ਸਰਹੱਦ 'ਤੇ ਹੋਈ ਗੱਲਬਾਤ ਪਿੱਛੋਂ ਚੀਨ ਨੇ ਕਿਹਾ ਕਿ ਡੋਕਲਾਮ ਰੇੜਕਾ ਦੋਪੱਖੀ ਸਬੰਧਾਂ ਲਈ ਸਖ਼ਤ ਪ੍ਰੀਖਿਆ ਸੀ। ਅਜਿਹੇ ਸੰਘਰਸ਼ ਭਵਿੱਖ ਵਿਚ ਨਾ ਹੋਣ ਇਸ ਦੇ ਲਈ ਹੁਣ ਤੋਂ ਹੀ ਸਬਕ ਲਿਆ ਜਾਣਾ ਚਾਹੀਦਾ ਹੈ। ਚੀਨ ਦਾ ਇਹ ਬਿਆਨ ਤਦ ਆਇਆ ਹੈ ਜਦੋਂ ਅਗਲੀ 22 ਦਸੰਬਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਸਰਕਾਰੀ ਕੌਂਸਲਰ ਯਾਂਗ ਜੇਚੀ ਵਿਚਕਾਰ ਨਵੀਂ ਦਿੱਲੀ ਵਿਚ ਸਰਹੱਦ 'ਤੇ 20ਵੇਂ ਦੌਰ ਦੀ ਗੱਲਬਾਤ ਹੋਣੀ ਹੈ।

ਸਿੱਕਮ ਖੇਤਰ ਵਿਚ ਸਥਿਤ ਡੋਕਲਾਮ ਵਿਚ ਇਸ ਸਾਲ 28 ਅਗਸਤ ਨੂੰ ਖ਼ਤਮ ਹੋਏ 73 ਦਿਨ ਦੇ ਰੇੜਕੇ ਪਿੱਛੋਂ ਭਾਰਤ ਅਤੇ ਚੀਨ ਵਿਚਕਾਰ ਇਹ ਪਹਿਲੀ ਉੇੱਚ ਪੱਧਰੀ ਗੱਲਬਾਤ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿਯੰਗ ਨੇ ਪੱਤਰਕਾਰਾਂ ਨੂੰ ਮੰਗਲਵਾਰ ਨੂੰ ਦੱਸਿਆ ਕਿ ਵਿਸ਼ੇਸ਼ ਪ੍ਰਤੀਨਿਧੀ ਵਾਲੀ ਇਹ ਮੀਟਿੰਗ ਨਾ ਸਿਰਫ਼ ਉੱਚ ਪੱਧਰੀ ਹੈ ਸਗੋਂ ਇਹ ਸਰਹੱਦ ਦੇ ਮੁੱਦੇ 'ਤੇ ਗੱਲਬਾਤ ਲਈ ਰਣਨੀਤਕ ਸੰਚਾਰ ਦਾ ਮੰਚ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਹਾਂ ਪੱਖਾਂ ਨੂੰ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ਦੀਆਂ ਮੁੱਖ ਚਿੰਤਾਵਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇਗਾ। ਹੁਆ ਨੇ ਕਿਹਾ ਕਿ ਸਾਲ 2017 ਵਿਚ ਭਾਰਤ ਅਤੇ ਚੀਨ ਦੇ ਸਬੰਧਾਂ ਵਿਚ ਚੰਗੀ ਰਵਾਨੀ ਸੀ ਪ੍ਰੰਤੂ ਡੋਕਲਾਮ ਦੀ ਘਟਨਾ ਕਾਰਨ ਦੋਹਾਂ ਦੇਸ਼ਾਂ ਦੇ ਮੁਸ਼ਕਿਲ ਦੌਰ ਤੋਂ ਲੰਘਣਾ ਪਿਆ। ਸਾਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਅਜਿਹੇ ਕਿਸੇ ਸੰਘਰਸ਼ ਤੋਂ ਬੱਚਣਾ ਚਾਹੀਦਾ ਹੈ। ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਸਰਹੱਦ 'ਤੇ ਇਤਿਹਾਸਿਕ ਸਮਝੌਤਿਆਂ ਨੂੰ ਮੰਨਣਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: china doklam