ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ

ਟੋਰਾਂਟੋ (ਰਾਇਟਰ) : ਕੈਨੇਡਾ ਦੇ ਪੂਰਬੀ ਸ਼ਹਿਰ ਫ੍ਰੈੱਡਰਿਕਟਨ 'ਚ ਹੋਈ ਅੰਨ੍ਹੇਵਾਹ ਗੋਲ਼ੀਬਾਰੀ 'ਚ ਘੱਟੋ ਘੱਟ ਚਾਰ ਲੋਕ ਮਾਰੇ ਗਏ। ਪੁਲਿਸ ਨੇ ਇਸ ਸਬੰਧੀ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ।

ਪੁਲਿਸ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਫ੍ਰੈੱਡਰਿਕਟਨ ਨਿਊ ਬਰੱਨਸਵਿਕ ਸੂਬੇ ਦੀ ਰਾਜਧਾਨੀ ਹੈ ਤੇ ਇਸ 'ਚ ਵੱਖ-ਵੱਖ ਫਿਰਕਿਆਂ ਦੇ 56 ਹਜ਼ਾਰ ਲੋਕ ਰਹਿੰਦੇ ਹਨ। ਇਕ ਹੋਰ ਟਵੀਟ 'ਚ ਕਿਹਾ ਗਿਆ ਹੈ ਕਿ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ 'ਐਮਰਜੈਂਸੀ ਵਾਹਨਾਂ' ਨੂੰ ਟ੫ੀ-ਲਾਈਨਡ ਰੈਜ਼ਡੈਂਸ਼ੀਅਲ ਸਟ੫ੀਟ ਵੱਲ ਜਾਂਦੇ ਹੋਏ ਵੇਖਿਆ ਗਿਆ ਹੈ।

ਕੈਨੇਡਾ 'ਚ ਹਥਿਆਰਾਂ ਬਾਰੇ ਕਾਨੂੰਨ ਅਮਰੀਕਾ ਤੋਂ ਵੀ ਸਖ਼ਤ ਹੈ ਪ੍ਰੰਤੂ ਫਿਰ ਵੀ ਪਿਛਲੇ ਸਾਲਾਂ ਦੌਰਾਨ ਗੈਂਗਵਾਰ ਤੇ ਹੋਰ ਝਗੜਿਆਂ 'ਚ ਗੋਲ਼ੀਬਾਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਗੋਲ਼ੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸਾਨੂੰ ਪੂਰੀ ਹਮਦਰਦੀ ਹੈ ਤੇ ਅਸੀਂ ਇਸ ਘਟਨਾ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ। ਇਸ ਤੋਂ ਪਹਿਲੇ 2014 'ਚ ਇਸ ਇਲਾਕੇ 'ਚ ਹੋਈ ਗੋਲ਼ੀਬਾਰੀ 'ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਤਿੰਨ ਅਧਿਕਾਰੀ ਮਾਰੇ ਗਏ ਸਨ ਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਮਹੀਨੇ ਇਕ ਗੰਨਮੈਨ ਵੱਲੋਂ ਟੋਰਾਂਟੋ ਦੀ ਇਕ ਗਲੀ 'ਚ ਕੀਤੀ ਗੋਲ਼ੀਬਾਰੀ 'ਚ ਦੋ ਲੋਕ ਮਾਰੇ ਗਏ ਸਨ ਤੇ 13 ਹੋਰ ਜ਼ਖ਼ਮੀ ਹੋ ਗਏ ਸਨ।