ਪਾਕਿ ਨਾਲ ਅੱਤਵਾਦੀਆਂ 'ਤੇ ਕਾਰਵਾਈ ਕਰ ਸਕਦੈ ਅਮਰੀਕਾ

Updated on: Fri, 01 Sep 2017 07:02 PM (IST)
  
action on terror

ਪਾਕਿ ਨਾਲ ਅੱਤਵਾਦੀਆਂ 'ਤੇ ਕਾਰਵਾਈ ਕਰ ਸਕਦੈ ਅਮਰੀਕਾ

ਰੱਖਿਆ ਮੰਤਰੀ ਮੈਟਿਸ ਨੇ ਨਹੀਂ ਦੱਸਿਆ ਕੋਈ ਪ੍ਰੋਗਰਾਮ

ਵਾਸ਼ਿੰਗਟਨ (ਪੀਟੀਆਈ) : ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖ਼ਤਮ ਕਰਨ ਲਈ ਅਮਰੀਕਾ ਪਾਕਿਸਤਾਨ ਨਾਲ ਮਿਲ ਕੇ ਕਾਰਵਾਈ ਕਰ ਸਕਦਾ ਹੈ। ਇਹ ਗੱਲ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਹੀ ਹੈ। ਇਹ ਸਹਿਯੋਗ ਉਹੋ ਜਿਹਾ ਹੀ ਹੋਵੇਗਾ ਜਿਵੇਂਕਿ ਇਕ ਜ਼ਿੰਮੇਵਾਰ ਦੇਸ਼ ਕਰਦਾ ਹੈ। ਇਸ ਦੌਰਾਨ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫ਼ਗਾਨ ਨੀਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਇਸ 'ਚ ਭਾਰਤ ਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਭਾਰਤ ਵੀ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੇ ਹਮਲਿਆਂ ਤੋਂ ਲੰਬੇ ਸਮੇਂ ਤੋਂ ਪ੍ਰਭਾਵਿਤ ਹੈ।

ਰੱਖਿਆ ਮੰਤਰੀ ਮੈਟਿਸ ਨੇ ਟਰੰਪ ਦੀ ਅਫ਼ਗਾਨ ਨੀਤੀ 'ਤੇ ਚਰਚਾ 'ਚ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਦੀ ਕੋਈ ਰੂਪਰੇਖਾ ਜਾਂ ਸਮਾਂ ਸੀਮਾ ਨਹੀਂ ਦੱਸੀ। ਉਨ੍ਹਾਂ ਦਾ ਇਹ ਬਿਆਨ ਵਿਦੇਸ਼ ਮੰਤਰਾਲੇ ਦੀ ਉਸ ਵਿਵਸਥਾ ਦੇ ਬਾਅਦ ਆਇਆ ਹੈ ਜਿਸ 'ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25.5 ਕਰੋੜ ਡਾਲਰ ਦੀ ਮਦਦ ਨੂੰ ਸ਼ਰਤਾਂ ਨਾਲ ਜਾਰੀ ਕੀਤਾ ਗਿਆ ਹੈ। ਇਸ ਧਨ ਰਾਸ਼ੀ ਦੇ ਖ਼ਰਚ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਪਾਕਿਸਤਾਨ ਨੂੰ ਉਸ ਦਾ ਵੇਰਵਾ ਮੁਹੱਈਆ ਕਰਵਾਉਣਾ ਹੋਵੇਗਾ।

ਅਮਰੀਕੀ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਅਨੁਸਾਰ ਇਸ 'ਚ ਸਾਨੂੰ ਪਾਕਿਸਤਾਨ ਦੇ ਕੰਮਕਾਜ ਦੀ ਸਮੀਖਿਆ ਕਰਨ ਦਾ ਬਿਹਤਰ ਮੌਕਾ ਮਿਲੇਗਾ। ਇਸ ਤਰ੍ਹਾਂ ਨਾਲ ਅਸੀਂ ਆਰਥਿਕ ਮਦਦ ਦਾ ਬਿਹਤਰ ਇਸਤੇਮਾਲ ਕਰ ਪਾਵਾਂਗੇ। ਜ਼ਿਕਰਯੋਗ ਹੈ ਕਿ ਅਮਰੀਕਾ ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲੇ ਕਰਨ ਵਾਲੇ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਖ਼ਿਲਾਫ਼ ਕਾਰਵਾਈ ਲਈ ਪਾਕਿਸਤਾਨ ਨੂੰ ਸਾਲਾਂ ਤੋਂ ਕਹਿ ਰਿਹਾ ਹੈ ਪ੍ਰੰਤੂ ਪਾਕਿਸਤਾਨ ਕਾਰਵਾਈ ਦੀ ਥਾਂ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਇਸ ਤੋਂ ਨਾਰਾਜ਼ ਟਰੰਪ ਨੇ ਪਾਕਿਸਤਾਨ ਨੂੰ ਮਾੜੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਸ ਪਿੱਛੋਂ ਪਾਕਿਸਤਾਨ ਦੀ ਸੰਸਦ ਨੇ ਇਕ ਪ੍ਰਸਤਾਵ ਪਾਸ ਕਰ ਕੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਅਧਿਕਾਰੀਆਂ 'ਤੇ ਪਾਕਿਸਤਾਨ ਦੀ ਅੱਤਵਾਦ ਖ਼ਿਲਾਫ਼ ਲੜਾਈ ਨੂੰ ਨਿਰਉਤਸ਼ਾਹਿਤ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: action on terror