ਅੱਜ ਸੀਐੱਮ ਨੂੰ ਮਿਲਣਗੇ ਐੱਮਪੀ, ਮੇਅਰ ਤੇ ਚਾਰੇ ਵਿਧਾਇਕ

Updated on: Tue, 10 Jul 2018 11:49 PM (IST)
  

ਇਹ ਹਨ ਮੁੱਖ ਮੰਗਾਂ

-ਨਿਗਮ ਦੇ ਮੁਲਾਜ਼ਮਾਂ ਨੂੰ ਹਰ ਮਹੀਨੇ ਸੱਤ ਤੋਂ 10 ਤਰੀਕ ਤਕ ਤਨਖ਼ਾਹ ਮਿਲ ਸਕੇ ਇਸ ਲਈ ਨਿਗਮ ਨੂੰ ਸਮਾਂ 'ਤੇ ਮਿਲੇ ਜੀਐੱਸਟੀ ਦੀ ਕਿਸ਼ਤ

-ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦੇ ਮਾਮਲੇ 'ਚ ਸਟੇਟ ਵਿਜੀਲੈਂਸ ਦੀ ਜਾਂਚ ਬੰਦ ਕਰਵਾ ਕੇ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੀ ਟੀਮ ਤੋਂ ਕਰਵਾਈ ਜਾਵੇ ਜਾਂਚ

ਜੇਐੱਨਐÎੱਨ, ਜਲੰਧਰ : ਬੁੱਧਵਾਰ ਨੂੰ ਵਿਜੀਲੈਂਸ ਦੇ ਰਵੱਈਏ ਦੀ ਸ਼ਿਕਾਇਕ ਲੈ ਕੇ ਸੰਸਦ ਮੈਂਬਰ, ਮੇਅਰ ਤੇ ਚਾਰੇ ਵਿਧਾਇਕ ਮੁੱਖ ਮੰਤਰੀ ਨੂੰ ਮਿਲਣਗੇ। ਕਰੀਬ ਇਕ ਹਫ਼ਤੇ ਦੀ ਕਵਾਇਦ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀਆਂ ਕੋਸ਼ਿਸ਼ਾਂ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੰਸਦ ਮੈਂਬਰ, ਮੇਅਰ ਤੇ ਚਾਰੇ ਵਿਧਾਇਕਾਂ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਹੈ। ਬੁੱਧਵਾਰ ਦੁਪਹਿਰੋਂ ਬਾਅਦ ਸਾਢੇ ਚਾਰ ਵਜੇ ਮੁੱਖ ਮੰਤਰੀ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ।

ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਦੋ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਕੇ ਮੁਲਾਕਾਤ ਦਾ ਸਮਾਂ ਮੰਗਿਆ ਸੀ ਪਰ ਮੁੱਖ ਮਤੰਰੀ ਦੇ ਰੁਝੇਵਿਆਂ ਕਾਰਨ ਸਮਾਂ ਨਹੀਂ ਮਿਲ ਰਿਹਾ ਸੀ। ਮੇਅਰ ਜਗਦੀਸ਼ ਰਾਜਾ ਨੇ ਮੁੱਖ ਮੰਤਰੀ ਦਫ਼ਤਰ ਤੋਂ ਸਮਾਂ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੁੱਧਵਾਰ ਨੂੰ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਹੈਨਰੀ ਅਤੇ ਵਿਧਾਇਕ ਪ੍ਰਗਟ ਸਿੰਘ ਨਾਲ ਉਹ ਮੁੱਖ ਮੰਤਰੀ ਨੂੰ ਮਿਲਣ ਪੁੱਜਣਗੇ। ਹਾਲਾਂਕਿ, ਮੁੱਖ ਮੰਤਰੀ ਨਾਲ ਹੋਣ ਵਾਲੀ ਗੱਲਬਾਤ ਸਬੰਧੀ ਮੇਅਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੰਡੀਗੜ੍ਹ 'ਚ ਮੁੱਖ ਮੰਤਰੀ ਨਾਲ ਜਲੰਧਰ ਦੇ ਵਿਕਾਸ ਲਈ ਕੁਝ ਦਿਸ਼ਾ-ਨਿਰਦੇਸ਼ ਲੈਣ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਫਸਰਾਂ ਵੱਲੋਂ ਮੇਅਰ ਅਤੇ ਕਮਿਸ਼ਨਰ ਨੂੰ ਚਾਰ ਮੰਗਾਂ ਦਾ ਮੈਮੋਰੰਡਮ ਸੌਂਪਦਿਆਂ ਇਕ ਹਫ਼ਤੇ 'ਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਨਿਗਮ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਦੌਰਾਨ ਮੇਅਰ ਨੇ ਨਿਗਮ ਦੇ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ।

ਇਹ ਸਨ ਮੁਲਾਜ਼ਮਾਂ ਅਤੇ ਅਫਸਰਾਂ ਦੀਆਂ ਮੰਗਾਂ

-ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦੀ ਜਾਂਚ ਨੂੰ ਬੀਤੇ ਹਫ਼ਤੇ ਜਲੰਧਰ ਪੁੱਜੀ ਸਟੇਟ ਵਿਜੀਲੈਂਸ ਦੀ ਟੀਮ 'ਤੇ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੇ ਮਾੜਾ ਸਲੂਕ ਕਰਨ ਦਾ ਦੋਸ਼ ਲਗਾਇਆ ਸੀ। ਇਸ ਕਾਰਨ ਨਿਗਮ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਮੇਅਰ ਅਤੇ ਕਮਿਸ਼ਨਰ ਨੂੰ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ।

-ਨਿਗਮ ਦੇ ਮੁਲਾਜ਼ਮਾਂ ਅਤੇ ਅਫਸਰਾਂ ਦਾ ਕਹਿਣਾ ਸੀ ਕਿ 2008 ਨੂੰ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਆਦੇਸ਼ ਮੁਤਾਬਕ ਸਟੇਟ ਵਿਜੀਲੈਂਸ ਨਿਗਮ ਦੇ ਮਾਮਲਿਆਂ 'ਚ ਸਿੱਧੀ ਦਖ਼ਲਅੰਦਾਜ਼ੀ ਨਹੀਂ ਕਰੇਗੀ। ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਜਾਂਚ ਕਰੇਗੀ, ਇਸ ਤੋਂ ਬਾਅਦ ਲੋੜ ਪੈਣ 'ਤੇ ਵੀ ਸਟੇਟ ਵਿਜੀਲੈਂਸ ਜਾਂਚ ਕਰੇਗੀ। ਲਿਹਾਜ਼ਾ, ਪਹਿਲਾਂ ਸੀਵੀਓ ਤੋਂ ਮਾਮਲੇ 'ਚ ਜਾਂਚ ਕਰਵਾਈ ਜਾਵੇ।

-ਨਿਗਮ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੀ ਮੰਗ ਸੀ ਕਿ ਮਾਮਲੇ 'ਚ ਜਾਂਚ ਪੈਂਡਿੰਗ ਹੋਣ ਤਕ ਮੁਅੱਤਲ ਅਫਸਰਾਂ ਨੂੰ ਬਹਾਲ ਕਰ ਦਿੱਤਾ ਜਾਵੇ।

-ਮੁਅੱਤਲ ਅਫਸਰਾਂ ਨੂੰ ਚੰਡੀਗੜ੍ਹ 'ਚ ਅਟੈਚ ਕਰਨ ਦੀ ਬਜਾਏ ਜਲੰਧਰ 'ਚ ਹੀ ਅਟੈਚ ਕੀਤਾ ਜਾਵੇ।

-ਯਕੀਨੀ ਬਣਾਇਆ ਜਾਵੇ ਕਿ ਨਿਗਮ ਦੇ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ ਸੱਤ ਤੋਂ 10 ਤਰੀਕ ਤਕ ਤਨਖ਼ਾਹ ਮਿਲ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Today MP mayor and four MLA meet to CM