ਲਖਬੀਰ, ਜਲੰਧਰ : ਸੋਮਵਾਰ ਨੂੰ ਪਿੰਡ ਰੇਰੂ ਦੇ ਅਜੀਤ ਸਿੰਘ ਨੇ ਡੀਸੀ ਦੀ ਕੋਠੀ ਵਾਲੇ ਖਸਰਾ ਨੰਬਰਾਂ ਦਾ ਹਵਾਲਾ ਦਿੰਦਿਆਂ ਨਿਲਾਮੀ ਕਰਨ ਦੀ ਫਰਿਆਦ ਕੀਤੀ ਸੀ। ਇਸੇ ਮਾਮਲੇ ਅਧੀਨ ਦੂਜੇ ਦਿਨ ਮੰਗਲਵਾਰ ਨੂੰ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਟਰੱਸਟ ਵੱਲ ਉਸਦੀ ਰਕਮ ਲੰਮੇ ਸਮੇਂ ਤੋਂ ਫਸੀ ਹੋਈ ਹੈ, ਜਿਸ ਦੀ ਅਦਾਇਗੀ ਪਿਛਲੇ 17 ਸਾਲਾਂ ਤੋਂ ਨਹੀਂ ਕੀਤੀ ਜਾ ਸਕੀ। ਦੱਸਣਯੋਗ ਹੈ ਕਿ ਸਾਲ 1990 'ਚ ਟਰੱਸਟ ਨੇ ਟਰਾਂਸਪੋਰਟ ਨਗਰ ਜਲੰਧਰ ਦੀ ਜ਼ਮੀਨ ਅਕਵਾਇਰ ਕੀਤੀ ਸੀ, ਜਿਸ ਦੇ ਬਦਲੇ ਚਾਹੇ ਜ਼ਮੀਨ ਦੀ ਰਕਮ ਦਾ ਕੁਝ ਹਿੱਸਾ ਮਾਲਕਾਂ ਨੂੰ ਅਦਾ ਕਰ ਦਿੱਤਾ ਗਿਆ ਸੀ ਪਰ ਬਹੁਤੀ ਰਕਮ ਅਜੇ ਵੀ ਲਟਕਦੀ ਆ ਰਹੀ ਹੈ। ਟਰੱਸਟ ਵੱਲੋਂ ਜ਼ਮੀਨ ਬਦਲੇ ਜ਼ਮੀਨ ਜਾਂ ਰਕਮ ਦੇਣ 'ਚ ਆਨਕਾਨੀ ਕਰਨ ਬਦਲੇ ਜ਼ਮੀਨ ਮਾਲਕਾਂ ਨੇ ਹਾਈ ਕੋਰਟ 'ਚ ਰਿਟ ਦਾਇਰ ਕਰਦਿਆਂ ਇਨਸਾਫ ਮੰਗਿਆ ਸੀ। ਹਾਈ ਕੋਰਟ ਨੇ ਜ਼ਮੀਨ ਮਾਲਕਾਂ ਦੇ ਹੱਕ 'ਚ ਫੈਸਲਾ ਦਿੰਦਿਆਂ ਰਕਮ ਅਦਾ ਕਰਨ ਦੇ ਆਦੇਸ਼ ਦਿੱਤੇ ਸਨ ਪਰ ਟਰੱਸਟ ਨੇ ਅਦਾਲਤ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਕੇਸ ਦਾਇਰ ਕੀਤਾ ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਹੀ ਬਰਕਰਾਰ ਰੱਖਦਿਆਂ ਕਾਰਵਾਈ ਕਰਨ ਨੂੰ ਕਿਹਾ। ਜ਼ਮੀਨ ਮਾਲਕਾਂ ਦੀ 7 ਕਰੋੜ ਤੋਂ ਵੱਧ ਰਕਮ ਟਰੱਸਟ ਵੱਲ ਨਿਕਲਦੀ ਸੀ, ਜਿਸ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ। ਓਧਰ ਦੂਜੇ ਪਾਸੇ ਜ਼ਮੀਨ ਮਾਲਕਾਂ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ, ਜਲੰਧਰ ਅਤੇ ਇੰਪਰੂਵਮੈਂਟ ਟਰੱਸਟ ਨੂੰ ਪਾਰਟੀ ਬਣਾਉਂਦਿਆਂ ਸੰਮਨ ਜਾਰੀ ਕਰਵਾਏ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

17 ਸਾਲਾਂ ਤਕ ਕਰਨਾ ਪਿਆ ਸੰਘਰਸ਼

ਕਰੀਬ 17 ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਨੇ ਟਰਾਂਸਪੋਰਟ ਨਗਰ ਦੀ ਜ਼ਮੀਨ ਅਕਵਾਇਰ ਕੀਤੀ ਸੀ, ਜਿਸ ਦੌਰਾਨ ਜ਼ਮੀਨ ਮਾਲਕਾਂ ਨੂੰ ਕੁਝ ਰਕਮ ਦੀ ਅਦਾਇਗੀ ਕਰਨ ਤੋੋਂ ਬਾਅਦ ਆਨਾਕਾਨੀ ਕਰਦਿਆਂ ਸਮਾਂ ਲੰਘਾਉਣਾ ਚਾਹਿਆ ਸੀ। ਇਸ ਦੌਰਾਨ ਜ਼ਮੀਨ ਮਾਲਕਾਂ ਨੇ ਅਦਾਲਤ ਦਾ ਸਹਾਰਾ ਲੈਂਦਿਆਂ ਟਰੱਸਟ ਕੋਲੋਂ ਰਕਮ ਕੱਢਵਾਉਣ ਦੀ ਕੋਸ਼ਿਸ਼ ਕੀਤੀ ਪਰ ਟਰੱਸਟ ਨੇ ਵੀ ਉੱਪਰਲੀ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਸੀ, ਜਿਸ ਕਾਰਨ ਅਦਾਇਗੀ ਲੰਮੇ ਸਮੇਂ ਤਕ ਨਹੀਂ ਹੋ ਸਕੀ। ਆਪਣੀ ਰਕਮ ਲਈ ਜ਼ਮੀਨ ਮਾਲਕਾਂ ਨੂੰ 17 ਸਾਲਾਂ ਤਕ ਸੰਘਰਸ਼ ਕਰਨਾ ਪਿਆ ਪਰ ਅਜੇ ਤਕ ਵੀ ਅਦਾਇਗੀ ਕਦੋਂ ਹੋ ਸਕੇਗੀ, ਬਾਰੇ ਕੁਝ ਕਲੀਅਰ ਨਹੀਂ ਹੈ।

ਜੁਲਾਈ ਨੂੰ ਹੋਵੇਗੀ ਨਿਲਾਮੀ

ਇੰਪਰੂਵਮੈਂਟ ਟਰੱਸਟ ਵੱਲੋਂ 13 ਜੁਲਾਈ ਨੂੰ ਜ਼ਮੀਨ ਦੀ ਨਿਲਾਮੀ ਕੀਤੀ ਜਾਣੀ ਤੈਅ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਜਿਸ ਜ਼ਮੀਨ ਦੀ ਟਰਾਂਸਪੋਰਟ ਨਗਰ ਮਾਲਕਾਂ ਵੱਲੋਂ ਨਿਲਾਮੀ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ, ਉਹ ਟਰੱਸਟ ਦੀ ਮਾਲਕੀ ਵਾਲੀ ਨਹੀਂ ਹੈ। ਡੀਸੀ ਦੀ ਕੋਠੀ ਵਾਲੇ ਖਸਰਾ ਨੰਬਰ ਵਾਲੀ ਜ਼ਮੀਨ ਟਰੱਸਟ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ ਪਰ ਬਾਵਜੂਦ ਇਸ ਦੇ ਜਮ੍ਹਾਂਬੰਦੀ ਉਕਤ ਜ਼ਮੀਨ ਦੀ ਲਗਾਈ ਗਈ ਹੈ। ਇੰਪਰੂਵਮੈਂਟ ਟਰੱਸਟ ਵੱਲੋਂ 13 ਜੁਲਾਈ ਨੂੰ ਜ਼ਮੀਨ ਦੀ ਨਿਲਾਮੀ ਕਰਵਾਈ ਜਾਵੇਗੀ।

ਕਿਸ਼ਤਾਂ 'ਚ ਕੀਤੀ ਜਾਵੇਗੀ ਅਦਾਇਗੀ : ਈਓ

ਇਸ ਸਬੰਧੀ ਇੰਪਰੂਵਮੈਂਟ ਟਰੱਸਟ ਦੇ ਈਓ ਰਾਜੇਸ਼ ਚੌਧਰੀ ਨੇ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਛੇਤੀ ਅਦਾਇਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 2-3 ਕਿਸ਼ਤਾਂ 'ਚ ਵਿਆਜ ਸਮੇਤ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਮਾਲਕ ਦੀ ਕਰੀਬ 4 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ, ਜਿਸ 'ਚੋਂ ਕੁਝ ਹਿੱਸਾ ਅਦਾ ਕਰ ਦਿੱਤਾ ਗਿਆ ਹੈ ਤੇ ਬਾਕੀ ਦੀ ਰਕਮ ਵਿਆਜ ਸਮੇਤ ਅਦਾ ਕਰ ਦਿੱਤੀ ਜਾਵੇਗੀ। ਕਿਸੇ ਨਾਲ ਧੱਕਾ ਨਹੀਂ ਹੋਵੇਗਾ ਤੇ ਬਣਦਾ ਹੱਕ ਜ਼ਰੂਰ ਦਿੱਤਾ ਜਾਵੇਗਾ।