ਵਿਜੀਲੈਂਸ ਨੇ ਤਲਬ ਕੀਤਾ ਪੁਰਾਣਾ ਆਰਸੀ ਰਿਕਾਰਡ, ਖੱੁਲ੍ਹਣ ਲੱਗੇ ਘੁਟਾਲੇ

Updated on: Sat, 13 Jan 2018 12:43 AM (IST)
  

83

'ਪੰਜਾਬੀ ਜਾਗਰਣ' ਨੇ 10 ਜਨਵਰੀ ਦੇ ਅੰਕ 'ਚ ਭੰਨਿਆ ਸੀ ਘੁਟਾਲੇ ਦਾ ਭਾਂਡਾ

-ਸਵੇਰੇ ਨੌਂ ਵਜੇ ਸ਼ੁਰੂ ਹੋਈ ਮੁਲਾਜ਼ਮਾਂ ਕੋਲੋਂ ਪੱੁਛਗਿਛ 7 ਵਜੇ ਤਕ ਚੱਲੀ

ਜੇਐੱਨਐੱਨ, ਜਲੰਧਰ : ਕੰਡਮ ਹੋ ਚੁੱਕੇ ਵਾਹਨਾਂ ਦੇ ਫੈਂਸੀ ਨੰਬਰ ਲੱਖਾਂ ਰੁਪਏ ਵਿਚ ਵੇਚਣ ਦੇ ਘੁਟਾਲੇ ਦਾ 'ਪੰਜਾਬੀ ਜਾਗਰਣ' ਵਿਚ ਖੁਲਾਸਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਜੀਲੈਂਸ ਬਿਊਰੋ ਨੇ ਪੁਰਾਣੀ ਆਰਸੀ ਨਾਲ ਸਾਰਾ ਰਿਕਾਰਡ ਤਲਬ ਕਰ ਲਿਆ। ਮੁੱਢਲੀ ਜਾਂਚ ਦੌਰਾਨ ਘੁਟਾਲੇ ਦੀ ਪਰਤ ਦਰ ਪਰਤ ਖੁੱਲ੍ਹਣ ਲੱਗੀ ਹੈ, ਵਿਜੀਲੈਂਸ ਬਿਊਰੋ ਨੇ ਉਨ੍ਹਾਂ ਲੋਕਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ, ਜਿਨ੍ਹਾਂ ਨੂੰ ਆਰਟੀਏ ਦੇ ਮੁਲਾਜ਼ਮਾਂ ਨੇ ਡੇਢ ਤੋਂ ਦੋ ਲੱਖ ਰੁਪਏ 'ਚ ਫੈਂਸੀ ਨੰਬਰ ਵੇਚ ਕੇ ਫਰਜ਼ੀ ਆਰਸੀ ਦੇ ਦਿੱਤੀ ਸੀ। ਸ਼ਾਮ 7 ਵਜੇ ਤਕ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਆਰਟੀਏ ਦੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੇ ਸਨ। ਵਰਨਣਯੋਗ ਹੈ ਕਿ 'ਪੰਜਾਬੀ ਜਾਗਰਣ' ਨੇ 10 ਜਨਵਰੀ ਦੇ ਅੰਕ ਵਿਚ ਪੁਰਾਣੇ ਵਾਹਨਾਂ ਦੇ ਫੈਂਸੀ ਨੰਬਰ ਵੇਚਣ ਦੇ ਸਕੈਂਡਲ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਜਲੰਧਰ ਵਿਚ ਏਆਰਟੀਓ ਦੇ ਅਹੁਦੇ 'ਤੇ ਤਾਇਨਾਤ ਰਹੇ ਪਿਆਰਾ ਸਿੰਘ ਦੇ ਦਸਤਖਤ ਨਾਲ ਸ਼ਹਿਰ ਦੇ ਪ੍ਰਮੁੱਖ ਜਿਊਲਰਜ਼ ਦੀ ਫੋਰਡ ਇੰਡੈਵਰ ਗੱਡੀ ਨੂੰ ਪੀਸੀਯੂ-0027 ਨੰਬਰ ਅਲਾਟ ਕਰਕੇ ਉਨ੍ਹਾਂ ਨੂੰ ਮੈਨੂਅਲ ਆਰਸੀ ਜਾਰੀ ਕਰ ਦਿੱਤੀ ਸੀ। ਸਮਾਰਟ ਚਿੱਪ ਵਾਲੀ ਆਰਸੀ ਡੇਢ ਸਾਲ ਪਹਿਲਾਂ ਬਣਨੀ ਸ਼ੁਰੂ ਹੋਣ ਤੋਂ ਬਾਅਦ ਹੁਣ ਮੈਨੂਅਲ ਆਰਸੀ ਜਾਰੀ ਨਹੀਂ ਕੀਤੀ ਜਾ ਸਕਦੀ ਹੈ ਜਦੋਂਕਿ ਪਿਆਰਾ ਸਿੰਘ ਨੇ ਆਪਣੇ ਦਸਤਖਤ ਨਾਲ ਮੈਨੂਅਲ ਆਰਸੀ 7 ਅਪ੍ਰੈਲ 2017 ਨੂੰ ਜਾਰੀ ਕਰ ਦਿੱਤੀ। ਇਸ ਆਰਸੀ ਦਾ ਵਿਭਾਗ ਦੇ ਰਿਕਾਰਡ ਵਿਚ ਕੋਈ ਜ਼ਿਕਰ ਨਹੀਂ ਹੈ, ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਅਸਲ ਦਸਤਖਤ ਨਾਲ ਵਾਹਨ ਮਾਲਕ ਨੂੰ ਫਰਜ਼ੀ ਆਰਸੀ ਜਾਰੀ ਕੀਤੀ ਗਈ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਪੁਰਾਣੀ ਆਰਸੀ ਨਾਲ ਸਬੰਧਤ ਪੂਰਾ ਰਿਕਾਰਡ ਕਬਜ਼ੇ ਵਿਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤਾਂ ਘੁਟਾਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਸਵੇਰੇ ਸਾਢੇ ਨੌਂ ਵਜੇ ਸਭ ਤੋਂ ਪਹਿਲਾਂ ਆਰਟੀਏ ਦੀ ਆਰਸੀ ਬ੍ਰਾਂਚ ਵਿਚ ਨਿਯੁਕਤ ਸਮਾਰਟ ਚਿੱਪ ਕੰਪਨੀ ਦੇ ਮੁਲਾਜ਼ਮ ਮੁਖਤਿਆਰ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਸ ਤੋਂ ਡੇਢ ਘੰਟੇ ਬਾਅਦ ਵਿਜੀਲੈਂਸ ਨੇ ਪੁਰਾਣੀ ਆਰਸੀ ਨਾਲ ਸਬੰਧਤ ਪੂਰਾ ਰਿਕਾਰਡ ਤਲਬ ਕਰ ਲਿਆ, ਜਿਸ ਨੂੰ ਲੈ ਕੇ ਲਗਭਗ 11.30 ਵਜੇ ਆਰਸੀ ਬ੍ਰਾਂਚ ਦੇ ਬਾਬੂ ਸਰਬਜੀਤ ਸਿੰਘ ਤੇ ਦੋ ਹੋਰ ਮੁਲਾਜ਼ਮ ਵਿਜੀਲੈਂਸ ਬਿਊਰੋ ਕੋਲ ਪੁੱਜੇ। ਇਸ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ ਤਾਂ ਹਰਿਆਣਾ ਨੰਬਰ ਦੀ ਇਕ ਗੱਡੀ ਦੀ ਆਰਸੀ ਦਾ ਅਧੂਰਾ ਰਿਕਾਰਡ ਮਿਲਿਆ। ਇਸ ਗੱਡੀ ਦੇ ਦੋ ਹੀ ਡਾਕੂਮੈਂਟ ਸਕੈਨ ਹੋਏ ਹਨ, ਬਾਕੀ ਰਿਕਾਰਡ ਨਹੀਂ ਮਿਲ ਰਿਹਾ ਹੈ। ਮੁਲਾਜ਼ਮ ਵੀ ਕੁਝ ਨਹੀਂ ਦੱਸ ਪਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੁਰਾਣੀ ਗੱਡੀ ਦੇ ਫੈਂਸੀ ਨੰਬਰਾਂ ਨਾਲ ਸਬੰਧਤ 100 ਤੋਂ ਜ਼ਿਆਦਾ ਗੱਡੀਆਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਫੈਂਸੀ ਨੰਬਰ ਨੂੰ ਅਸਲ ਵਾਹਨ ਮਾਲਕਾਂ ਦੀ ਸਹਿਮਤੀ ਤੋਂ ਬਿਨਾਂ ਵੇਚੇ ਗਏ ਨੰਬਰਾਂ ਦਾ ਮਾਮਲਾ ਜਾਂਚ ਵਿਚ ਸਹੀ ਸਾਬਤ ਹੋਣ 'ਤੇ ਵਿਜੀਲੈਂਸ ਬਿਊਰੋ ਨੇ ਹੁਣ ਅਸਲ ਵਿਚ ਵਾਹਨ ਮਾਲਕਾਂ ਨੂੰ ਪੁੱਛਗਿੱਛ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕੋਲੋਂ ਪੁੱਿਛਆ ਜਾਵੇਗਾ ਕਿ ਉਨ੍ਹਾਂ ਨੇ ਕਿੰਨੇ ਪੈਸੇ ਲੈ ਕੇ ਨੰਬਰ ਦਿੱਤੇ। ਆਰਟੀਏ ਵਿਚ ਇਹ ਨਵੀਂ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਵੱਡੇ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿਚ ਆਉਣ ਲੱਗੇ ਹਨ। ਪੁਰਾਣੀਆਂ ਗੱਡੀਆਂ ਦੇ ਦੋ ਫੈਂਸੀ ਨੰਬਰ ਮੋਟੀ ਰਕਮ ਲੈ ਕੇ ਵੇਚੇ ਗਏ, ਉਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਸਾਬਕਾ ਡੀਟੀਓ ਆਰਪੀ ਸਿੰਘ ਤੋਂ ਲੈ ਕੇ ਗੁਰਮੀਤ ਸਿੰਘ ਮੁਲਤਾਨੀ ਤਕ ਦੇ ਕਾਰਜਕਾਲ ਦੇ ਹਨ। ਜਿਊਲਰਜ਼ ਦੇ ਅਸਲੀ ਦਸਤਖਤ ਨਾਲ ਫਰਜ਼ੀ ਆਰਸੀ ਜਾਰੀ ਕਰਨ ਦੇ ਮਾਮਲੇ ਨੂੰ ਗੁਰਮੀਤ ਸਿੰਘ ਮੁਲਤਾਨੀ ਦੇ ਕਾਰਜਕਾਲ ਵਿਚ ਅੰਜਾਮ ਦਿੱਤਾ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: RTA ScandelRTA Scandel