ਪੱਤਰ ਪ੍ਰੇਰਕ, ਫਗਵਾੜਾ : ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਵਿਸ਼ਵ ਏਡਜ਼ ਦਿਵਸ ਸਬੰਧੀ ਸਮਾਗਮ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਸਿੰਘ ਦੀ ਪ੍ਰਧਾਨਗੀ ਡਾ. ਸੰਜੀਵ ਲੋਚਰ ਦੀ ਯੋਗ ਅਗਵਾਈ ਅਤੇ ਸੋਸ਼ਲ ਐੱਨਜੀਓ ਦੀ ਮੈਨੇਜਰ ਪਰਮਜੀਤ ਕੌਰ ਦੀ ਸੁਚੱਜੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਏਡਜ਼ ਵਰਗੀ ਲਾਇਲਾਜ਼ ਬਿਮਾਰੀ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਹੀ ਇਸ ਬਿਮਾਰੀ 'ਤੇ ਲਗਾਮ ਲਗਾਈ ਜਾ ਸਕਦੀ ਹੈ, ਇਸ ਵਾਸਤੇ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ ਤਾਂ ਜੋ ਨਵੀ ਪੀੜ੍ਹੀ ਅੱਗੇ ਆ ਕੇ ਏਡਜ਼ ਖ਼ਿਲਾਫ਼ ਇਕ ਸਫਲ ਮੁਹਿੰਮ ਦਾ ਆਗਾਜ਼ ਕਰ ਸਕੇ। ਉਨ੍ਹਾਂ ਕਿਹਾ ਕਿ ਐੱਚਆਈਵੀ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਐੱਚਆਈਵੀ ਅਤੇ ਏਡਜ਼ ਨਾਲ ਗ੍ਰਸਤ ਲੋਕ ਆਮ ਆਦਮੀ ਵਾਂਗ ਜ਼ਿੰਦਗੀ ਜੀਅ ਸਕਦੇ ਹਨ। ਐੱਚਆਈਵੀ ਅਤੇ ਏਡਜ਼ ਦੇ ਟੈਸਟ ਅਤੇ ਇਲਾਜ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ।