ਅਮਨਜੋਤ ਵਾਲੀਆ, ਕਪੂਰਥਲਾ : ਪਿੰਡ ਫੱਤੂਢੀਂਗਾ ਵਿਖੇ ਪੈਂਦੇ ਪਿੰਡ ਬਸਤੀ ਖਾਨਪੁਰ ਦੇ ਇਕ ਨੌਜਵਾਨ ਦੀ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਮੁਕੇਸ਼ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬਸਤੀ ਖਾਨਪੁਰ ਫੱਤੂਢੀਂਗਾ ਉਹ ਬੀਤੀ ਦੇਰ ਰਾਤ ਨੂੰ ਜਗਰਾਤਾ ਦੇਖ ਕੇ ਵਾਪਸ ਆ ਘਰ ਜਾ ਰਿਹਾ ਸੀ ਤਾਂ ਜਦੋਂ ਉਹ ਫੱਤੂਢੀਂਗਾ ਚੌਕ ਪਹੁੰਚਿਆ ਤਾਂ ਉਸ ਨੂੰ ਇਕ ਤੇਜ ਰਫਤਾਰ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਐਂਬੂਲੈਂਸ 'ਚ ਹਸਪਤਾਲ ਵਿਖੇ ਲਿਜਾਉਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਵਾਹਨ ਚਾਲਕ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਵਾਹਨ ਚਾਲਕ ਮਾਮਲਾ ਦਰਜ ਕਰ ਲਿਆ ਹੈ।

ਦੂਸਰੇ ਮਾਮਲੇ 'ਚ ਪਿੰਡ ਡੋਗਰਾਂਵਾਲ ਦੇ ਬਜ਼ੁਰਗ ਪਤੀ-ਪਤਨੀ ਦੇ ਸਕੂਟਰ ਅੱਗੇ ਇਕ ਅਵਾਰਾ ਕੁੱਤਾ ਆ ਗਿਆ ਜਿਸ ਕਾਰਨ ਉਨ੍ਹਾਂ ਦਾ ਸਕੂਟਰ ਬੇਕਾਬੂ ਹੋ ਗਿਆ ਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੁੱਤਰ ਬਾਨੂੰ ਰਾਮ ਤੇ ਬਚਨ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਡੋਗਰਾਂਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਹ ਐਕਟਿਵਾ 'ਤੇ ਸ਼ੇਖ ਫਤਿਹ ਜਾ ਰਹੇ ਸਨ ਤਾਂ ਜਦੋਂ ਉਹ ਗੋਇੰਦਵਾਲ ਰੋਡ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੇ ਸਕੂਟਰ ਅੱਗੇ ਅਚਾਨਕ ਅਵਾਰਾ ਕੁੱਤਾ ਆ ਗਿਆ, ਜਿਸ ਕਾਰਨ ਸਕੂਟਰ ਬੇਕਾਬੂ ਹੋ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਪੁਲਿਸ ਵਲੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਤੇ ਇਲਾਜ ਜਾਰੀ ਹੈ।

ਇਸੇ ਤਰ੍ਹਾਂ ਤੀਜੇ ਮਾਮਲੇ 'ਚ ਪਿੰਡ ਸੈਫਲਾਬਾਦ ਵਿਖੇ ਇਕ ਬਜ਼ੁਰਗ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ। ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ (60) ਵਾਸੀ ਪਿੰਡ ਸੈਫਲਾਬਾਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਹ ਬੀਤੀ ਸ਼ਾਮ ਫੱਤੂਢੀਂਗਾ ਤੋਂ ਸਾਈਕਲ 'ਤੇ ਘਰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਫੱਤੂਢੀਂਗਾ ਨੇੜੇ ਪਹੁੰਚਿਆ ਤਾਂ ਉਸ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਰਾਹਗੀਰਾਂ ਵਲੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਤੇ ਇਲਾਜ ਜਾਰੀ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਚੌਥੇ ਮਾਮਲੇ 'ਚ ਥਾਣਾ ਫੱਤੂਢੀਂਗਾ 'ਚ ਪੈਂਦੇ ਪਿੰਡ ਉਚਾ ਮੰਡੀ ਵਿਖੇ ਇਕ ਪ੍ਰਵਾਸੀ ਮਜਦੂਰ ਜੋ ਕਿ ਮਾਰਕੀਟ 'ਚੋਂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਸੰਤੋਸ਼ ਕੁਮਾਰ ਪੁੱਤਰ ਗੁਲਾਈ ਵਾਸੀ ਪਿੰਡ ਉੱਚਾ ਦੇ ਨਾਲ ਦੇ ਸਾਥੀਆਂ ਨੇ ਦੱਸਿਆ ਰਾਸ਼ਨ ਲੈਣ ਲਈ ਪੈਦਲ ਮਾਰਕੀਟ ਗਿਆ ਸੀ, ਤਾਂ ਜਦੋਂ ਉਹ ਮੰਡੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਦੇ ਸਾਥੀਆਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਗੰਭੀਰ ਹੈ ਤੇ ਇਲਾਜ ਜਾਰੀ ਹੈ। ਟੱਕਰ ਮਾਰਨ ਤੋਂ ਬਾਅਦ ਅਣਪਛਾਤਾ ਵਾਹਨ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।