ਜੇਐੱਨਐੱਨ, ਲੁਧਿਆਣਾ : ਦੋ ਸਾਲ ਤੋਂ ਮਟੀਰੀਅਲ ਲੈ ਕੇ ਸਰਕਾਰੀ ਸਾਈਕਲ ਟੈਂਡਰ 'ਚ ਸਾਈਕਲ ਦੇ ਕੇ ਪੇਮੈਂਟ ਲੈਣ ਦੇ ਬਾਵਜੂਦ ਵੈਂਡਰਾਂ ਦੇ ਰੁਪਏ ਨਾ ਦੇਣ 'ਤੇ ਮਸ਼ਹੂਰ ਸਾਈਕਲ ਨਿਰਮਾਤਾ ਕੰਪਨੀ ਐਟਲਸ ਸਾਈਕਲ ਖ਼ਿਲਾਫ਼ ਲੁਧਿਆਣਾ ਸਾਈਕਲ ਸਨਅਤ ਹੁਣ ਸੜਕਾਂ 'ਤੇ ਉਤਰੇਗੀ। ਇਸ ਸਬੰਧੀ ਰਣਨੀਤੀ ਤਿਆਰ ਕਰ ਲਈ ਗਈ ਹੈ ਤੇ ਇਸ ਲਈ ਬਕਾਇਦਾ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਰੁਪਏ ਨਾ ਮਿਲਣ 'ਤੇ ਲੜੀਵਾਰ ਕੰਪਨੀ ਖ਼ਿਲਾਫ਼ ਧਰਨੇ ਪ੍ਰਦਰਸ਼ਨ ਤੋਂ ਲੈਕੇ ਕਾਨੂੰਨੀ ਲੜਾਈ ਲੜੇਗੀ। ਇਹ ਐਲਾਨ ਸਾਈਕਲ ਇੰਡਸਟਰੀ ਦੇ ਵੱਖ-ਵੱਖ ਸਨਅਤੀ ਸੰਗਠਨਾਂ ਦੀ ਹੋਟਲ ਮਹਾਰਾਜਾ ਰਿਜੈਂਸੀ 'ਚ ਹੋਈ ਸਾਂਝੀ ਮੀਟਿੰਗ 'ਚ ਕੀਤਾ ਗਿਆ।

ਇਸ ਦੌਰਾਨ ਸਨਅਤਕਾਰਾਂ ਨੇ ਕੰਪਨੀ ਖ਼ਿਲਾਫ਼ ਜ਼ੋਰਦਾਰ ਭੜਾਸ ਕੱਢੀ। ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫੈਕਚਰ ਐਸੋਸੀਏਸ਼ਨ ਦੇ ਬੈਨਰ ਹੇਠ ਹੋਈ ਇਸ ਮੀਟਿੰਗ 'ਚ ਸਾਰੀ ਸਾਈਕਲ ਇੰਡਸਟਰੀ ਨਾਲ ਸਬੰਧਤ ਸੰਗਠਨ ਸ਼ਾਮਲ ਹੋਏ।

ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵਿਸ਼ਵਕਰਮਾ ਸਾਈਕਲ ਦੇ ਐੱਮਡੀ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਐਟਲਸ ਸਾਈਕਲ 'ਚ ਕੁਝ ਸਾਲ ਪਹਿਲਾਂ ਹੋਈ ਵੰਡ ਦਾ ਖ਼ਾਮਿਆਜਾ ਲੁਧਿਆਣਾ ਦੀਆਂ ਲਗਪਗ 50 ਯੂਨਿਟਾਂ ਨੂੰ ਭੁਗਤਨਾ ਪੈ ਰਿਹਾ ਹੈ। ਪਹਿਲਾਂ ਐਟਲਸ ਸਾਈਕਲ ਦੇ ਸੋਨੀਪਤ, ਮਲਨਪੁਰ ਤੇ ਸਾਹਿਬਾਬਾਦ ਯੂਨਿਟ ਇਕ ਗਰੁੱਪ ਹੁੰਦੇ ਸੀ। ਹੁਣ ਸਾਹਿਬਾਬਾਦ ਯੂਨਿਟ ਵੱਖ ਤੇ ਸੋਨੀਪਤ ਤੇ ਮਲਨਪੁਰ ਯੂਨਿਟ ਦੋ ਗਰੁੱਪ 'ਚ ਵੰਡੇ ਗਏ ਹਨ। ਸਾਹਿਬਾਬਾਦ ਯੂਨਿਟ ਵੱਲੋਂ ਸਾਰਿਆਂ ਦੀ ਅਦਾਇਗੀ ਸਮੇਂ 'ਤੇ ਦਿੱਤੀ ਜਾ ਰਹੀ ਹੈ। ਜਦਕਿ ਸੋਨੀਪਤ ਤੇ ਮਲਨਪੁਰ ਯੂਨਿਟ ਵੱਲੋਂ ਇਕ ਵੈਂਡਰ ਦੀ ਅਦਾਇਗੀ ਖੜ੍ਹੀ ਕਰਕੇ ਦੂਜੇ ਤੋਂ ਮਟੀਰੀਅਲ ਲੈਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕਈ ਕੰਪਨੀਆਂ ਇਸ ਚੱਕਰ 'ਚ ਬੈਂਕ ਕਰਪਟ ਹੋ ਗਈਆਂ ਹਨ।

ਲਗਪਗ 50 ਕਰੋੜ ਕੰਪਨੀ ਨੇ ਲੁਧਿਆਣਾ ਦੇ ਵੈਂਡਰਾਂ ਦੇ ਦੇਣੇ ਹਨ। ਇਸ ਲਈ ਵਿਕਰਮ ਕਪੂਰ, ਅੰਗਦ ਕਪੂਰ ਤੇ ਰਾਜੀਵ ਕਪੂਰ ਕੰਪਨੀ ਨਾਲ ਧੋਖਾ ਕਰ ਰਹੇ ਹਨ। ਰਾਜਸਥਾਨ ਦੇ ਸਾਈਕਲ ਟੈਂਡਰ ਨੂੰ ਪੂਰਾ ਕਰਨ ਲਈ ਲੁਧਿਆਣਾ ਇੰਡਸਟਰੀ ਤੋਂ ਪਾਰਟਸ ਲਏ ਗਏ। ਇਸ ਦੀ ਪੇਮੈਂਟ ਕੰਪਨੀ ਨੂੰ ਆ ਚੁੱਕੀ ਹੈ। ਪਰ ਵੈਂਡਰ ਦੇ ਰੁਪਏ ਨਹੀਂ ਦਿੱਤੇ ਜਾ ਰਹੇ। ਯੂਸੀਪੀਐੱਮਏ ਦੇ ਪ੍ਰਧਾਨ ਨਵਯੁੱਗ ਨੇ ਕਿਹਾ ਕਿ ਅੱਠ ਕਰੋੜ ਰੁਪਏ ਦੇ ਚੈੱਕ ਡਿਸਆਰਡਰ ਹੋ ਚੁੱਕੇ ਹਨ। ਇਸ ਲਈ 26 ਮਾਰਚ ਤੇ 11 ਮਈ ਨੂੰ ਮੀਟਿੰਗ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਹੈ।

-- ਸ਼ਨਿੱਚਰਵਾਰ ਨੂੰ ਪ੍ਰਦਰਸ਼ਨ ਉਪਰੰਤ ਹੋਵੇਗਾ ਘਰ ਦਾ ਿਘਰਾਓ

ਇਸ ਦੌਰਾਨ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸ਼ਨਿੱਚਰਵਾਰ ਨੂੰ ਕੰਪਨੀ ਦੇ ਤਿੰਨੋਂ ਡਾਇਰੈਕਟਰਾਂ ਦਾ ਪੁਤਲਾ ਯੂਸੀਪੀਐੱਮਏ 'ਚ ਸਵੇਰੇ 11 ਵਜੇ ਫੂਕਿਆ ਜਾਵੇਗਾ। ਇਸ ਉਪਰੰਤ ਐਟਲਸ ਸਾਈਕਲ ਦੇ ਪਲਾਂਟ ਦੇ ਨਾਲ-ਨਾਲ ਕਾਰੋਬਾਰੀ ਉਨ੍ਹਾਂ ਦੇ ਘਰ ਦਾ ਿਘਰਾਓ ਕਰਕੇ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਇਸ ਫਰਾਡ ਦੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਆਲ ਇੰਡੀਆ ਸਾਈਕਲ ਮੈਨੂੰਫੈਕਚਰਰ ਐਸੋਸੀਏਸ਼ਨ ਸਮੇਤ ਵੱਖ-ਵੱਖ ਥਾਵਾਂ 'ਤੇ ਚੁੱਕਿਆ ਜਾਵੇਗਾ।

-- ਡਿਫਾਲਟਰਾਂ ਦੀ ਸੂਚੀ ਬਣਾਉਣਗੇ ਸੰਗਠਨ

ਇਸ ਮਾਮਲੇ ਦੇ ਬਾਅਦ ਹੁਣ ਸਾਰੇ ਸਨਅਤੀ ਸੰਗਠਨ ਮਿਲ ਕੇ ਇਕ ਸੂਚੀ ਤਿਆਰ ਕਰਨਗੇ, ਜਿਸ 'ਚ ਡਿਫਾਲਟਰ ਨਾਲ ਕੋਈ ਵੀ ਕੰਪਨੀ ਕੰਮ ਨਾ ਕਰੇ, ਇਸ ਲਈ ਲੁਧਿਆਣਾ ਸਨਅਤ ਨੂੰ ਚੌਕਸ ਕੀਤਾ ਜਾਵੇਗਾ। ਐਟਲਸ ਦੀ ਤਰ੍ਹਾਂ ਲੁਧਿਆਣਾ ਦੀਆਂ ਕਈ ਕੰਪਨੀਆਂ ਨੇ ਵੀ ਵੈਂਡਰਾਂ ਦੇ ਰੁਪਏ ਦਬਾਏ ਹੋਏ ਹਨ। ਜੁਆਇੰਟ ਟੀਮ ਵੱਲੋਂ ਆਉਣ ਵਾਲੇ ਕੁਝ ਦਿਨਾਂ 'ਚ ਇਸ ਦਾ ਖੁਲਾਸਾ ਵੀ ਕੀਤਾ ਜਾਵੇਗਾ।

-- ਤਿੰਨਾਂ ਕੰਪਨੀਆਂ ਦੀ ਬੈਲੇਂਸ ਸ਼ੀਟ ਇਕ

ਯੂਸੀਪੀਐੱਮਏ ਮੁੱਖ ਸਕੱਤਰ ਤੇ ਆਰਆਰ ਬਾਈਕਸ ਦੇ ਐੱਮਡੀ ਰਾਜੀਵ ਜੈਨ ਨੇ ਕਿਹਾ ਭਾਵੇਂ ਕੰਪਨੀਆਂ ਵੱਖ ਹੋ ਚੁੱਕੀਆਂ ਹਨ ਪਰ ਹਾਲੇ ਵੀ ਤਿੰਨਾਂ ਕੰਪਨੀਆਂ ਦੀ ਬੈਲੇਂਸ ਸ਼ੀਟ ਇਕ ਹੈ ਤੇ 500 ਤੋਂ 700 ਕਰੋੜ ਦਾ ਏਸੇਟ ਹੈ। ਟੈਂਡਰ ਦੀ ਪੇਮੈਂਟ ਵੀ ਨਿੱਜੀ ਖਾਤੇ 'ਚ ਟਰਾਂਸਫਰ ਕਰ ਲਈ ਗਈ। ਜਦਕਿ ਵੈਂਡਰਾਂ ਦੇ ਰੁਪਏ ਨਹੀਂ ਦਿੱਤੇ ਜਾ ਰਹੇ।