ਜੇਐੱਨਐੱਨ, ਸੁਲਤਾਨਪੁਰ ਲੋਧੀ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 'ਚ ਬੁੱਧਵਾਰ ਹੋਈ ਬਾਰਿਸ਼ ਕਾਰਨ ਸ਼ਹਿਰ ਪਾਣੀ-ਪਾਣੀ ਹੋ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਚੌਕ ਤੇ ਹਰ ਗਲੀ 'ਚ ਪਾਣੀ ਖੜ੍ਹਾ ਨਜ਼ਰ ਆਇਆ। ਸ਼ਹਿਰ ਦਾ ਸੀਵਰੇਜ ਸਿਸਟਮ ਕਮਜ਼ੋਰ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦੇ ਰੇਲਵੇ ਸਟੇਸ਼ਨ ਦਾ ਮੁੱਖ ਗੇਟ, ਆਰੀਆ ਸਮਾਜ ਚੌਕ, ਬੀਡੀਪੀਓ ਚੌਕ, ਬੱਸ ਅੱਡਾ, ਸਦਰ ਬਾਜ਼ਾਰ, ਸਿਵਲ ਹਸਪਤਾਲ ਆਦਿ ਇਲਾਕਿਆਂ 'ਚ ਪਾਣੀ ਭਰਨ ਕਾਰਨ ਉਥੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਸ ਸਬੰਧੀ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਹਰ ਪਾਸੇ ਪਾਣੀ ਹੀ ਪਾਣੀ ਸੀ। ਲੋਕਾਂ ਨੇ ਮੰਗ ਕੀਤੀ ਕਿ 2019 'ਚ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਤਾਕਿ ਸਮਾਗਮ 'ਚ ਆਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ।

ਉਧਰ, ਇਸ ਸਬੰਧੀ ਐੱਸਡੀਐੱਮ ਸੁਲਤਾਨਪੁਰ ਲੋਧੀ ਚਾਰੂਮਿਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਇਸ ਸਮੱਸਿਆ ਸਬੰਧੀ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਕੇ ਫੰਡ ਦੀ ਮੰਗ ਕੀਤੀ ਹੈ। ਜਦੋਂ ਵੀ ਪੰਜਾਬ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਵੇਗਾ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।