ਰਿਕਵਰੀ ਦੀ ਜ਼ੋਨਲ ਕਮਿਸ਼ਨਰ ਕਰਨਗੇ ਮਾਨਿਟਰਿੰਗ : ਨਿਗਮ ਕਮਿਸ਼ਨਰ

Updated on: Thu, 14 Sep 2017 12:14 AM (IST)
  

ਜੇਐੱਨਐੱਨ, ਲੁਧਿਆਣਾ : ਮਾਲੀ ਸੰਕਟ 'ਚੋਂ ਲੰਘ ਰਹੇ ਨਗਰ ਨਿਗਮ ਨੂੰ ਕੱਢਣ ਲਈ ਨਗਰ ਨਿਗਮ ਹੁਣ ਰਿਕਵਰੀ ਤੇਜ਼ ਕਰੇਗਾ। ਇਸ ਦੇ ਨਿਰਦੇਸ਼ ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਨੇ ਜ਼ੋਨ ਡੀ 'ਚ ਹੋਈ ਮੀਟਿੰਗ 'ਚ ਦਿੱਤੇ। ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਫ਼ ਕਿਹਾ ਕਿ ਅਧਿਕਾਰੀ ਇਸ ਕੰਮ 'ਚ ਜੁੱਟ ਜਾਣ। ਉਨ੍ਹਾਂ ਕਿਹਾ ਜਿੰਨੇ ਵੀ ਬਕਾਇਆ ਹਨ ਉਨ੍ਹਾਂ ਨੂੰ ਵਸੂਲਿਆ ਜਾਵੇ। ਉਨ੍ਹਾਂ ਵੱਖ-ਵੱਖ ਵਿੰਗਾਂ ਦੇ ਹੁਣ ਤਕ ਬਕਾਏ ਦੀ ਰਿਪੋਰਟ ਲਈ। ਮੀਟਿੰਗ 'ਚ ਚਾਰਾਂ ਜ਼ੋਨ ਦੇ ਜ਼ੋਨਲ ਕਮਿਸ਼ਨਰ, ਵੱਖ-ਵੱਖ ਵਿੰਗਾਂ ਦੇ ਸੁਪਰਡੈਂਟ ਤੇ ਹੋਰ ਅਧਿਕਾਰੀ ਸ਼ਾਮਲ ਸੀ।

ਜਿਕਰਯੋਗ ਹੈ ਕਿ ਨਿਗਮ ਦੀ ਬਿਲਡਿੰਗ ਬਰਾਂਚ ਨੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਤੋਂ ਚਲਾਨਾਂ ਦਾ ਹੀ 19 ਕਰੋੜ 67 ਲੱਖ ਰੁਪਏ ਵਸੂਲਿਆ ਹੈ। ਇਸ ਦੇ ਇਲਾਵਾ ਲਗਪਗ ਸੀਵਰੇਜ-ਪਾਣੀ ਬਿਲ ਦਾ ਹੀ ਕਰੋੜਾਂ ਰੁਪਏ ਦਾ ਬਕਾਇਆ ਬੀਤੇ ਕਈ ਸਾਲਾਂ ਤੋਂ ਖੜ੍ਹਾ ਹੈ।

ਨਿਗਮ ਕਮਿਸ਼ਨਰ ਨੇ ਕਿਹਾ ਕਿ ਰਿਕਵਰੀ ਨਾ ਹੋਣ ਕਾਰਨ ਨਿਗਮ ਦੀ ਦੇਣਦਾਰੀਆਂ ਵੱਧਦੀ ਜਾ ਰਹੀਆਂ ਹਨ। ਨਿਗਮ ਮੁਲਾਜ਼ਮਾਂ ਨੂੰ ਤੈਅ ਸਮੇਂ ਅੰਦਰ ਬਕਾਇਆ ਖੜ੍ਹੀ ਰਕਮ ਨੂੰ ਰਿਕਵਰੀ ਕਰਨੀ ਹੋਵੇਗੀ। ਹੁਣ ਰੋਜ਼ਾਨਾ ਦੀ ਰਿਕਵਰੀ ਰਿਪੋਰਟ ਲੈਣ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਲਈ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ।

ਨਿਗਮ ਕਮਿਸ਼ਨਰ ਨੇ ਕਿਹਾ ਕਿ ਬਿਲਡਿੰਗ ਬਰਾਂਚ, ਪ੍ਰਾਪਰਟੀ ਟੈਕਸ, ਸੀਵਰੇਜ-ਪਾਣੀ ਬਿੱਲ, ਤਹਿਬਾਜ਼ਾਰੀ ਦਾ ਕਰੋੜਾਂ ਰੁਪਏ ਬਕਾਇਆ ਹੈ। ਜੇਕਰ ਇਸ ਦੀ ਵਸੂਲੀ ਹੋ ਜਾਵੇ ਤਾਂ ਨਿਗਮ ਦੀ ਮਾਲੀ ਸਥਿਤੀ ਬਿਹਤਰ ਹੋ ਸਕਦੀ ਹੈ ਤੇ ਇਹ ਰੁਪਇਆ ਨਿਗਮ ਸ਼ਹਿਰ ਦੇ ਵਿਕਾਸ ਯੋਜਨਾਵਾਂ 'ਤੇ ਖਰਚ ਕਰ ਸਕਦਾ ਹੈ। ਅਗਲੇ ਮਹੀਨੇ ਤਕ ਨਿਗਮ ਦੀ ਬਿਲਡਿੰਗ ਬਰਾਂਚ ਨੂੰ ਸਾਰੀ ਰਿਕਵਰੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿੰਗ 'ਚ ਕਰੋੜਾਂ ਦਾ ਰੁਪਇਆ ਬਕਾਇਆ ਖੜ੍ਹਾ ਹੈ। ਭਲਕੇ ਤੋਂ ਹੀ ਨਿਗਮ ਮੁਲਾਜ਼ਮ ਰਿਕਵਰੀ ਸ਼ੁਰੂ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news