ਬੈਂਸ ਨੇ ਰਿਸ਼ਵਤ ਲੈ ਰਹੇ ਪਟਵਾਰੀ ਦੇ ਕਰਿੰਦੇ ਤੇ ਭਲਾਈ ਅਫਸਰ ਦਾ ਵੀਡੀਓ ਕੀਤਾ ਲਾਈਵ

Updated on: Thu, 14 Sep 2017 12:02 AM (IST)
  

ਜੇਐੱਨਐੱਨ, ਲੁਧਿਆਣਾ : ਇੰਤਕਾਲ ਤੇ ਮੈਰਿਜ ਸਰਟੀਫਿਕੇਟ ਲਈ ਰਿਸ਼ਵਤ ਲੈ ਰਹੇ ਪਟਵਾਰੀ ਦੇ ਕਰਿੰਦੇ ਤੇ ਤਹਿਸੀਲ ਭਲਾਈ ਅਫਸਰ ਦਾ ਸਟਿੰਗ ਕਰਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ 'ਤੇ ਲਾਈਵ ਕਰ ਦਿੱਤਾ।

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਮੰਨੀਏ ਤਾਂ ਸ਼ਿਮਲਾਪੁਰੀ ਦੇ ਮਨਵਿੰਦਰ ਸਿੰਘ ਨੇ ਇੰਤਕਾਲ ਦੀ ਐਂਟਰੀ ਲਈ ਗਿੱਲ ਇਲਾਕੇ ਦੇ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਲਈ 2-2 ਹਜ਼ਾਰ ਰੁਪਏ ਦੇ 5 ਨੋਟਾਂ ਦੇ ਨੰਬਰ ਨੋਟ ਕਰਕੇ ਮਨਵਿੰਦਰ ਨੂੰ ਗਿੱਲ ਦੇ ਪਟਵਾਰਖਾਨੇ 'ਚ ਭੇਜਿਆ ਗਿਆ। ਜਿਉਂ ਹੀ ਪਟਵਾਰੀ ਸੁਖਜਿੰਦਰ ਸਿੰਘ ਸੋਢੀ ਨੇ ਰਿਸ਼ਵਤ ਦੇ ਰੁਪਏ ਲਏ ਬੈਂਸ ਆਪਣੇ ਵਰਕਰਾਂ ਸਮੇਤ ਪਟਵਾਰਖਾਨੇ ਪੁੱਜ ਗਏ।

ਇਸ ਦੌਰਾਨ ਪਟਵਾਰੀ ਤੇ ਉਸ ਦਾ ਪ੍ਰਾਇਵੇਟ ਕਰਿੰਦਾ ਮਿੰਟੂ ਉਥੋਂ ਖਿਸਕ ਗਏ। ਪਟਵਾਰੀ ਕਾਰ ਲੈ ਕੇ ਤੇ ਮਿੰਟੂ ਪੈਦਲ ਹੀ ਗਲੀਆਂ 'ਚੋਂ ਭੱਜਣ ਲੱਗਾ, ਜਿਸ ਨੂੰ ਬੈਂਸ ਸਮਰਥਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਉਸ ਤੋਂ 10 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰ ਲਈ ਗਈ।

-- ਪੰਜ ਹਜ਼ਾਰ ਰਿਸ਼ਵਤ ਲੈਂਦੇ ਤਹਿਸੀਲ ਭਲਾਈ ਅਫਸਰ ਦੀ ਵੀਡੀਓ ਹੋਈ ਲਾਈਵ

ਬੁੱਧਵਾਰ ਨੂੰ ਹੀ ਮਿੰਨੀ ਸਕਤਰੇਤ ਸਥਿਤ ਤਹਿਸੀਲ ਭਲਾਈ ਦਫ਼ਤਰ 'ਚ ਤਾਇਨਾਤ ਭਲਾਈ ਅਫਸਰ ਜਗਮੋਹਨ ਸਿੰਘ ਦੀ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਦੀ ਵੀਡੀਓ ਬੈਂਸ ਨੇ ਲਾਈਵ ਕਰ ਦਿੱਤੀ। ਮਾਮਲਾ ਸੀ ਪਿ੍ਰੰਸ ਸ਼ਰਮਾ ਤੇ ਨਿਸ਼ਾ ਨਾਂ ਦੀ ਕੁੜੀ ਦੀ ਇੰਟਰਕਾਸਟ ਮੈਰਿਜ ਦਾ। ਬੈਂਸ ਦਾ ਕਹਿਣਾ ਹੈ ਕਿ ਇੰਟਰਕਾਸਟ ਮੈਰਿਜ ਲਈ ਮਿਲਣ ਵਾਲੀ 50 ਹਜ਼ਾਰ ਦੀ ਰਕਮ ਲਈ ਸਰਟੀਫਿਕੇਟ ਬਣਾਉਣ ਲਈ ਜਗਮੋਹਨ ਸਿੰਘ ਨੇ 5 ਹਜ਼ਾਰ ਰੁਪਏ ਦੀ ਮੰਗ ਕੀਤੀ।

500 ਦੇ 10 ਨੋਟ ਨੰਬਰ ਨੋਟ ਕਰਕੇ ਜਗਮੋਹਨ ਸਿੰਘ ਨੂੰ ਦਿੱਤੇ ਗਏ। ਫੜੇ ਜਾਣ 'ਤੇ ਜਗਮੋਹਨ ਨੇ ਮਾਫੀ ਮੰਗਦੇ ਹੋਏ ਅੱਗੇ ਤੋਂ ਰਿਸ਼ਵਤ ਨਾ ਲੈਣ ਦੀ ਗੱਲ ਕਹੀ ਤੇ 6 ਮਹੀਨੇ 'ਚ ਰਿਟਾਇਰ ਹੋਣ ਦਾ ਵਾਸਤਾ ਵੀ ਦਿੱਤਾ।

-- ਸਰਕਾਰੀ ਦਫ਼ਤਰਾਂ 'ਚ ਛੋਟੇ-ਛੋਟੇ ਕੰਮਾਂ ਲਈ ਗ਼ਰੀਬ ਲੋਕਾਂ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਪਟਵਾਰੀ ਨੇ ਇੰਤਕਾਲ ਲਈ 10 ਹਜ਼ਾਰ ਰੁਪਏ ਮੰਗ ਲਏ ਤਾਂ ਇੰਟਰਕਾਸਟ ਮੈਰਿਜ ਲਈ ਸਰਕਾਰੀ ਸਕੀਮ ਤਹਿਤ ਮਿਲਣ ਵਾਲੀ 50 ਹਜ਼ਾਰ ਦੀ ਰਕਮ ਲਈ ਭਲਾਈ ਅਫਸਰ ਨੇ 5 ਹਜ਼ਾਰ ਰੁਪਏ ਮੰਗੇ। ਨੰਬਰ ਨੋਟ ਕਰਕੇ ਦੋਵਾਂ ਬਿਨੈਕਾਰਾਂ ਨੂੰ ਦਿੱਤੇ ਜੋ ਇਨ੍ਹਾਂ ਤੋਂ ਬਰਾਮਦ ਕਰ ਲਏ ਗਏ। ਪੂਰੀ ਘਟਨਾ ਦੀ ਜਾਣਕਾਰੀ ਡੀਸੀ ਪ੍ਰਦੀਪ ਅਗਰਵਾਲ ਨੂੰ ਦਿੱਤੀ ਗਈ ਹੈ। ਜੇਕਰ ਹੁਣ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਤੇ ਮਾਮਲਾ ਵਿਧਾਨਸਭਾ 'ਚ ਚੁੱਕਿਆ ਜਾਵੇਗਾ।

- ਸਿਮਰਜੀਤ ਸਿੰਘ ਬੈਂਸ, ਵਿਧਾਇਕ ਲੋਕ ਇਨਸਾਫ਼ ਪਾਰਟੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news