ਆਰਟੀਏ ਸੈਕਟਰੀ ਨੇ ਨਾਕਾ ਲਾ ਕੇ ਕੀਤੀ ਸਕੂਲੀ ਵਾਹਨਾਂ ਦੀ ਚੈਕਿੰਗ

Updated on: Wed, 13 Sep 2017 11:17 PM (IST)
  

ਜੇਐੱਨਐੱਨ, ਲੁਧਿਆਣਾ : ਹਾਈਕੋਰਟ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨਾ ਤਾਂ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਹਨ ਤੇ ਨਾ ਹੀ ਮਾਪੇ। ਬੁੱਧਵਾਰ ਨੂੰ ਆਰਟੀਏ ਸੈਕਟਰੀ ਲਵਜੀਤ ਕੌਰ ਕਲਸੀ ਨੇ ਨਾਕਾ ਲਾ ਕੇ ਚੈਕਿੰਗ ਕੀਤੀ ਤਾਂ ਵਾਹਨਾਂ 'ਚ ਅਜਿਹੀਆਂ ਲਾਪਰਵਾਹੀਆਂ ਨਜ਼ਰ ਆਈਆਂ ਜੋ ਵੱਡੇ ਹਾਦਸੇ ਦੀ ਵਜ੍ਹਾ ਬਣ ਸਕਦੀ ਹੈ। ਫਿਰੋਜ਼ਪੁਰ ਰੋਡ ਤੇ ਮਾਡਲ ਟਾਊਨ 'ਚ ਲਗਾਏ ਨਾਕੇ ਦੌਰਾਨ 50 ਵਾਹਨਾਂ ਦੀ ਚੈਕਿੰਗ 'ਚ 19 ਚਲਾਨ ਕੱਟੇ, 4 ਸਕੂਲੀ ਬੱਸਾਂ ਤੇ ਇਕ ਆਟੋ ਨੂੰ ਪੁਲਿਸ ਥਾਣੇ 'ਚ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਸਿਫਾਰਸ਼ਾਂ ਦਾ ਦੌਰ ਚੱਲਦਾ ਰਿਹਾ ਪਰ ਅਧਿਕਾਰੀਆਂ ਨੇ ਬਿਨਾਂ ਕਿਸੇ ਦਾ ਫੋਨ ਸੁਣੇ ਚਲਾਨ ਕੱਟਣਾ ਜਾਰੀ ਰੱਖਿਆ।

ਇਸ ਦੌਰਾਨ ਮਾਡਲ ਟਾਊਨ 'ਚ ਲੱਗੇ ਨਾਕੇ 'ਤੇ ਆਰਐੱਸ ਮਾਡਲ ਸਕੂਲ ਦੇ 15 ਵਿਦਿਆਰਥੀਆਂ ਨਾਲ ਲਦੇ ਆਟੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਉਸ ਭਜਾ ਕੇ ਲੈ ਗਿਆ। ਪੁਲਿਸ ਮੁਲਾਜ਼ਮ ਨੇ ਪਿੱਛਾ ਕਰਕੇ ਆਟੋ ਨੂੰ ਕਾਬੂ ਕੀਤਾ। ਦਸਤਾਵੇਜ਼ ਪੁੱਛੇ ਤਾਂ ਜਵਾਬ ਮਿਲਿਆ ਕਿ ਨਹੀਂ ਹੈ। ਚਾਲਕ ਕੋਲ ਡਰਾਈਵਿੰਗ ਲਾਇਸੈਂਸ ਤਕ ਨਹੀਂ ਸੀ। ਹੱਦ ਤਾਂ ਇਹ ਸੀ ਕਿ ਨੰਬਰ ਪਲੇਟ ਵੀ ਧੁੰਦਲੀ ਸੀ ਤੇ ਚਾਲਕ ਨੂੰ ਨੰਬਰ ਤਕ ਯਾਦ ਨਹੀਂ ਸੀ।

ਕਲਸੀ ਨੇ ਪੁਲਿਸ ਮੁਲਾਜ਼ਮ ਨੂੰ ਆਟੋ 'ਚ ਬਿਠਾ ਕੇ ਹੁਕਮ ਦਿੱਤਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਘਰ ਤਕ ਛੱਡਣ ਦੇ ਬਾਅਦ ਆਟੋ ਪੁਲਿਸ ਲਾਈਨ 'ਚ ਬੰਦ ਕਰ ਦਿੱਤਾ ਜਾਵੇ।

-- ਡੀਐੱਲ ਦੀ ਥਾਂ ਵਿਖਾਈ ਫੋਟੋ ਕਾਪੀ, ਪਰਮਿਟ ਕਿਹਾ ਦਫ਼ਤਰ 'ਚ

ਫਿਰੋਜ਼ਪੁਰ ਰੋਡ 'ਤੇ ਹੋਈ ਚੈਕਿੰਗ ਦੌਰਾਨ ਬੀਸੀਐੱਮ ਸਕੂਲ ਦੀ ਬੱਸ ਦਾ ਡਰਾਈਵਰ ਡਰਾਈਵਿੰਗ ਲਾਇਸੈਂਸ ਦੀ ਥਾਂ ਫੋਟੋ ਕਾਪੀ ਵਿਖਾਉਣ ਲੱਗਾ। ਪਰਮਿਟ ਪੁੱਿਛਆ ਤਾਂ ਜਵਾਬ ਮਿਲਿਆ ਕਿ ਦਫ਼ਤਰ 'ਚ ਰੱਖਿਆ ਹੈ। ਹਾਲਾਂਕਿ ਨਿਯਮ ਮੁਤਾਬਕ ਬੱਸ 'ਚ ਲੇਡੀ ਅਟੈਂਡੇਂਟ ਮੌਜੂਦ ਸੀ। ਜ਼ਿਆਦਾਤਰ ਦਸਤਾਵੇਜ਼ ਨਾ ਹੋਣ ਕਾਰਨ ਇਕ ਸੁਰੱਖਿਆ ਮੁਲਾਜ਼ਮ ਨੂੰ ਬੱਸ 'ਚ ਬਿਠਾ ਕੇ ਹੁਕਮ ਦਿੱਤਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਉਪਰੰਤ ਬੱਸ ਪੁਲਿਸ ਲਾਈਨ 'ਚ ਬੰਦ ਕਰ ਦਿੱਤੀ ਜਾਵੇ।

-- ਪੁਲਿਸ ਦਾ ਜਵਾਬ ਥਾਣੇ 'ਚ ਨਹੀਂ ਥਾਂ

ਨਿਯਮ ਮੁਤਾਬਕ ਜਿਹੜੇ ਇਲਾਕੇ 'ਚ ਵਾਹਨ ਜਬਤ ਕੀਤੇ ਜਾਣ ਉਸ ਨੂੰ ਉਸੇ ਥਾਣੇ 'ਚ ਬੰਦ ਕਰ ਦਿੱਤਾ ਜਾਵੇ। ਪਰ ਇਲਾਕੇ ਨਾਲ ਸਬੰਧਤ ਥਾਣੇ ਨੇ ਬੱਸ ਨੂੰ ਥਾਣੇ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦੇ ਵਾਹਨਾਂ ਨੂੰ ਪੁਲਿਸ ਲਾਈਨ 'ਚ ਬੰਦ ਕੀਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news