ਚੋਰੀਸ਼ੁਦਾ ਢਾਈ ਕੁਇੰਟਲ ਸਰੀਏ ਸਮੇਤ ਡਰਾਈਵਰ ਗਿ੍ਰਫ਼ਤਾਰ

Updated on: Mon, 17 Jul 2017 08:52 PM (IST)
  
local news

ਚੋਰੀਸ਼ੁਦਾ ਢਾਈ ਕੁਇੰਟਲ ਸਰੀਏ ਸਮੇਤ ਡਰਾਈਵਰ ਗਿ੍ਰਫ਼ਤਾਰ

ਐੱਸਪੀ ਜੋਸ਼ੀ, ਲੁਧਿਆਣਾ : ਥਾਣਾ ਫੋਕਲ ਪੁਆਇੰਟ ਪੁਲਿਸ ਨੇ ਲੋਹਾ ਚੋਰੀ ਦੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਢਾਈ ਕੁਇੰਟਲ ਚੋਰੀਸ਼ੁਦਾ ਸਰੀਏ ਸਮੇਤ ਟਰੱਕ ਡਰਾਈਵਰ ਨੂੰ ਗਿ੍ਰਫ਼ਤਾਰ ਕੀਤਾ ਹੈ। ਕਾਬੂ ਕੀਤੇ ਕਥਿਤ ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਵਾਸੀ ਸਿਵਾਨ ਬਿਹਾਰ ਵਜੋਂ ਹੋਈ ਹੈ। ਥਾਣਾ ਫੋਕਲ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੋਹਨ ਲਾਲ ਮੁਤਾਬਕ ਕਥਿਤ ਮੁਲਜ਼ਮ ਅਨਿਲ ਫੋਕਲ ਪੁਆਇੰਟ ਦੇ ਨਾਮੀ ਕਬਾੜੀਏ ਵਿਜੇ ਕੁਮਾਰ ਨੂੰ ਇਹ ਲੋਹਾ ਵੇਚਣ ਜਾ ਰਿਹਾ ਸੀ, ਜਦੋਂ ਪੁਲਿਸ ਨੇ ਇਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ।

ਫੋਕਲ ਪੁਆਇੰਟ ਇਲਾਕੇ 'ਚ ਵਿਜੇ ਕਬਾੜੀਆ ਚੋਰੀਸ਼ੁਦਾ ਮਾਲ ਖਰੀਦਣ ਲਈ ਬਹੁਤ ਮਸ਼ਹੂਰ ਹੈ। ਦੱਸਣਯੋਗ ਹੈ ਕਿ ਫੋਕਲ ਪੁਆਇੰਟ 'ਚ ਲੋਹਾ ਕਾਰੋਬਾਰੀਆਂ ਵੱਲੋਂ ਮੰਗਵਾਇਆ ਜਾਂਦਾ ਮਹਿੰਗਾ ਲੋਹਾ ਟਰੱਕ ਡਰਾਈਵਰਾਂ ਵੱਲੋਂ ਚੋਰੀ ਕਰਕੇ ਸਰਮਾਏਦਾਰ ਕਬਾੜੀਆਂ ਨੂੰ ਅੱਧੇ ਪੌਣੇ ਭਾਅ 'ਤੇ ਵੇਚ ਦਿੱਤਾ ਜਾਂਦਾ ਹੈ। ਕਈ ਵਾਰ ਚੋਰੀ ਦੇ ਮਾਲ ਦੀ ਬਰਾਮਦਗੀ ਹੋਣ ਉਪਰੰਤ ਪੁਲਿਸ ਅਧਿਕਾਰੀ ਚੋਰੀ ਦਾ ਮਾਲ ਖਰੀਦਣ ਵਾਲਿਆਂ 'ਤੇ ਕਾਰਵਾਈ ਦਾ ਭਰੋਸਾ ਵੀ ਦਿਵਾਉਂਦੇ ਹਨ ਪਰ ਸਮਾਂ ਟੱਪਦੇ ਹੀ ਕਾਰਵਾਈ ਦਾ ਦਾਅਵਾ ਹਵਾ ਹੋ ਜਾਂਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਜਿਸ ਵਿਜੇ ਕਬਾੜੀਏ ਨੂੰ ਪੁਲਿਸ ਨੇ ਚੋਰੀ ਦੇ ਲੋਹੇ ਦੀ ਖਰੀਦੋਫਰੋਖ਼ਤ ਦੇ ਮਾਮਲੇ 'ਚ ਨਾਮਜ਼ਦ ਕੀਤਾ ਹੈ ਉਸ ਵਿਜੇ ਦਾ ਦਫਤਰ ਚੌਂਕੀ ਢੰਡਾਰੀ ਤੋਂ ਮਹਿਜ 200 ਮੀਟਰ ਦੂਰੀ ਤੇ ਹੀ ਹੈ। ਇਹ ਗੋਰਖਧੰਦਾ ਅੰਜਾਮ ਦੇਣ ਵਾਲਿਆਂ ਦੀ ਉੱਚੀ ਪਹੁੰਚ ਕਹੀਏ ਜਾਂ ਫਿਰ ਪੁਲਿਸ ਦਾ ਅਵੇਸਲਾਪਨ ਕਿ ਇੰਨੇ ਲਮੇਂ ਸਮੇਂ ਤੋਂ ਪੁਲਿਸ ਦੀ ਨੱਕ ਹੇਠਾਂ ਅਜਿਹੇ ਮਾਲ ਦੀ ਖ਼ਰੀਦ ਹੁੰਦੀ ਰਹੀ।

-ਕਿਵੇਂ ਚਲਦਾ ਹੈ ਚੋਰੀ ਦਾ ਖੇਲ

ਲੋਹਾ ਕਾਰੋਬਾਰੀਆਂ ਵੱਲੋਂ ਲੋਹਾ ਮਿਲਾਂ ਤੋਂ ਮੰਗਵਾਏ ਨਵੇਂ ਸਰੀਏ ਨੂੰ ਟਰੱਕ ਡਰਾਈਵਰ ਚੋਰੀ ਕੀਤੇ ਲੋਹੇ ਦਾ ਵਜ਼ਨ ਪੂਰਾ ਕਰਨ ਲਈ ਲੋਹੇ ਦੀਆਂ ਪਲੇਟਾਂ ਇਨ੍ਹਾਂ ਕਬਾੜੀਆਂ ਵੱਲੋਂ ਮੁਹੱਈਆ ਕਰਵਾ ਕੇ ਟਰੱਕ 'ਚ ਹੀ ਰੱਖਵਾ ਦਿੱਤੀਆਂ ਜਾਂਦੀਆਂ ਹਨ। ਮਾਲ ਅਨਲੋਡ ਕਰਨ ਮੌਕੇ ਇਹ ਪਲੇਟਾਂ ਟਰੱਕ 'ਚੋਂ ਉਤਾਰ ਕੇ ਗਾਇਬ ਕਰਨ ਕੇ ਕੰਮ ਲਈ ਤਜੁਰਬੇਕਾਰ ਲੇਬਰ ਤੇ ਆਟੋ ਰਿਕਸ਼ਾ ਡਰਾਈਵਰ ਵੀ ਨਾਲ ਭੇਜੇ ਜਾਂਦੇ ਹਨ। ਬਾਅਦ 'ਚ ਇਹ ਪਲੇਟਾਂ ਅਗਲੀ ਗੱਡੀ 'ਚ ਰੱਖ ਕੇ ਲੋਹਾ ਚੋਰੀ ਕਰਨ ਦੀ ਜੁਗਤ ਤਿਆਰ ਕੀਤੀ ਜਾਂਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news