ਸਿਹਤ ਮੰਤਰੀ ਜੀ! ਸਹੂਲਤਾਂ ਨੂੰ ਤਰਸ ਰਹੇ ਸਿਵਲ ਹਸਪਤਾਲ 'ਚ ਤੁਹਾਡਾ ਸਵਾਗਤ ਹੈ

Updated on: Fri, 19 May 2017 11:00 PM (IST)
  
local news

ਸਿਹਤ ਮੰਤਰੀ ਜੀ! ਸਹੂਲਤਾਂ ਨੂੰ ਤਰਸ ਰਹੇ ਸਿਵਲ ਹਸਪਤਾਲ 'ਚ ਤੁਹਾਡਾ ਸਵਾਗਤ ਹੈ

ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ ਦੇ ਸਿਵਲ ਹਸਪਤਾਲ 'ਚ ਸ਼ਨਿਚਰਵਾਰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੌਰਾ ਕਰਨ ਲਈ ਪਹਿਲੀ ਵਾਰ ਪੁੱਜ ਰਹੇ ਹਨ, ਜਿਸ ਲਈ ਸ਼ਹਿਰ ਵਾਸੀਆਂ ਨੂੰ ਭਾਰੀ ਉਮੀਦਾਂ ਹਨ। ਸ਼ਹਿਰੀਆਂ ਨੂੰ ਉਮੀਦ ਹੈ ਕਿ ਕੈਪਟਨ ਸਰਕਾਰ ਦੇ ਸਿਹਤ ਮੰਤਰੀ ਆਪਣੇ ਨਾਲ ਵਰਿ੍ਹਆਂ ਤੋਂ ਸਹੂਲਤਾਂ ਲਈ ਤਰਸ ਰਹੇ ਸਰਕਾਰੀ ਹਸਪਤਾਲ ਦੇ ਸੁਧਾਰ ਲਈ ਕੁਝ ਯੋਜਨਾਵਾਂ ਵੀ ਲੈ ਕੇ ਆਉਣਗੇ, ਜਿਸ ਨਾਲ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ 'ਚ ਬਿਹਤਰ ਇਲਾਜ ਮਿਲ ਸਕੇ।

ਹਸਪਤਾਲ 'ਚ ਇਸ ਸਮੇਂ ਡਾਕਟਰਾਂ, ਨਰਸਿੰਗ ਸਟਾਫ, ਸਫਾਈ ਮੁਲਾਜ਼ਮਾਂ ਤੇ ਹੋਰ ਤਰ੍ਹਾਂ ਦੇ ਸਪੋਰਟਿਵ ਸਟਾਫ ਦੀ ਭਾਰੀ ਘਾਟ ਹੈ। 250 ਬੈੱਡ ਦੇ ਸਿਵਲ ਹਸਪਤਾਲ 'ਚ ਹਾਲੇ ਤਕ ਉਹ ਸਹੂਲਤਾਂ ਨਹੀਂ ਹਨ, ਜਿਨ੍ਹਾਂ ਨਾਲ ਮਰੀਜ਼ ਨੂੰ ਚੰਗਾ ਇਲਾਜ ਮਿਲ ਸਕੇ। ਜਾਣਕਾਰੀ ਮੁਤਾਬਕ ਰੋਜ਼ਾਨਾ ਸੱਤ ਸੌ ਤੋਂ ਇਕ ਹਜ਼ਾਰ ਮਰੀਜ਼ਾਂ ਦੀ ਓਪੀਡੀ ਵਾਲੇ ਇਸ ਜ਼ਿਲ੍ਹਾ ਹਸਪਤਾਲ 'ਚ ਮੈਡੀਸਨ ਮਾਹਰਾਂ ਦੀ ਘਾਟ ਹੈ। ਹਸਪਤਾਲ 'ਚ ਇਸ ਸਮੇਂ ਦੋ ਮੈਡੀਸਨ ਮਾਹਰ ਹਨ। ਦੋਵੇਂ ਮੈਡੀਸਨ ਮਾਹਰਾਂ ਨੂੰ ਰੋਜ਼ਾਨਾ ਓਪੀਡੀ 'ਚ ਆਉਣ ਵਾਲੇ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਨੀ ਹੁੰਦੀ ਹੈ। ਵਾਰਡਾਂ 'ਚ ਭਰਤੀ ਸੌ ਤੋਂ ਡੇਢ ਸੌ ਮਰੀਜ਼ਾਂ ਨੂੰ ਸਵੇਰੇ-ਸ਼ਾਮ ਵੇਖਣਾ ਹੁੰਦਾ ਹੈ। ਪੋਸਟਮਾਰਟਮ, ਮੈਡੀਕਲ ਬੋਰਡ, ਕੋਰਟ ਐਵੀਡੈਂਸ, ਉਮੀਦਵਾਰਾਂ ਦੇ ਮੈਡੀਕਲ ਤੇ ਐਮਰਜੈਂਸੀ 'ਚ ਵੀ ਆਪਣੀਆਂ ਸੇਵਾਵਾਂ ਦੇਣੀਆਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਸੇਵਾਵਾਂ ਲਈ ਘੱਟ ਤੋਂ ਘੱਟ ਹਸਪਤਾਲ 'ਚ ਚਾਰ ਮੈਡੀਸਨ ਮਾਹਰਾਂ ਦੀ ਲੋੜ ਹੈ। ਦੂਜੇ ਪਾਸੇ ਹਸਪਤਾਲ 'ਚ ਹੱਡੀ ਰੋਗ ਮਾਹਰਾਂ ਦੀ ਵੀ ਘਾਟ ਹੈ।

ਇਸ ਸਮੇਂ ਦੋ ਮਾਹਰ ਹਨ ਜਦਕਿ ਇਕ ਹੋਰ ਦੀ ਲੋੜ ਹੈ। ਇਸ ਦੇ ਇਲਾਵਾ ਹਸਪਤਾਲ 'ਚ ਇਕ ਵੀ ਨਿਊਰੋਲਾਜਿਸਟ ਨਹੀਂ ਹੈ। ਹਾਦਸੇ ਤੇ ਲੜਾਈ ਝਗੜਿਆਂ ਦੌਰਾਨ ਸਿਰ 'ਚ ਸੱਟ ਲੱਗਣ ਦੇ ਮਾਮਲੇ 'ਚ ਜਦੋਂ ਕੋਈ ਮਰੀਜ਼ ਗੰਭੀਰ ਹਾਲਤ 'ਚ ਆਉਂਦਾ ਹੈ ਤਾਂ ਉਸ ਨੂੰ ਨਿੱਜੀ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਹਾਰਟ ਸਪੈਸ਼ਲਿਸਟ ਵੀ ਨਹੀਂ ਹੈ। ਦਿਲ ਦੇ ਮਰੀਜ਼ਾਂ ਦਾ ਇਲਾਜ ਮੈਡੀਸਨ ਮਾਹਰ ਕਰ ਰਹੇ ਹਨ।

ਹਸਪਤਾਲ 'ਚ ਸਭ ਤੋਂ ਵੱਧ ਨਰਸਿੰਗ ਸਟਾਫ ਦੀ ਘਾਟ ਹੈ। ਹਾਲੇ ਵੀ ਓਨਾ ਨਰਸਿੰਗ ਸਟਾਫ ਹੈ ਜਿੰਨਾ 100 ਬੈੱਡ ਦੇ ਹਸਪਤਾਲ ਦੌਰਾਨ ਸੀ। ਇਸ ਕਾਰਨ ਮਰੀਜ਼ਾਂ ਦੀ ਨਰਸਿੰਗ ਕੇਅਰ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ ਹੈ। ਨਰਸਿੰਗ ਸਟਾਫ ਨਾ ਹੋਣ ਕਾਰਨ ਮਦਰ ਐਂਡ ਚਾਈਲਡ ਹਸਪਤਾਲ ਦੇ ਸੈਕਿੰਡ ਫਲੋਰ 'ਤੇ ਜਣੇਪੇ ਲਈ ਬਣਾਏ ਗਏ ਵਾਰਡ ਖ਼ਾਲੀ ਪਏ ਹਨ। ਜਦਕਿ ਉਥੇ ਬੈੱਡ ਬਹੁਤ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹਸਪਤਾਲ ਦੀ ਐਮਰਜੈਂਸੀ 'ਚ ਇਕ ਵੀ ਵੈਂਟੀਲੇਟਰ ਨਹੀਂ ਹੈ। ਜਦੋਂ ਕੋਈ ਮਰੀਜ਼ ਗੰਭੀਰ ਹਾਲਤ 'ਚ ਆਉਂਦਾ ਹੈ ਤਾਂ ਸਹੂਲਤਾਂ ਦੀ ਘਾਟ ਕਾਰਨ ਉਸ ਨੂੰ ਨਿੱਜੀ ਹਸਪਤਾਲਾਂ 'ਚ ਰੈਫਰ ਕਰਨਾ ਪੈਂਦਾ ਹੈ। ਅਜਿਹੇ 'ਚ ਸਿਹਤ ਮੰਤਰੀ ਤੋਂ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਉਹ ਉਕਤ ਕਮੀਆਂ ਨੂੰ ਦੂਰ ਕਰਨ ਲਈ ਕੁਝ ਨਾ ਕੁਝ ਲੁਧਿਆਣਾ ਸਿਵਲ ਹਸਪਤਾਲ ਨੂੰ ਦੇ ਕੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news