ਪੱਤਰ ਪ੍ਰੇਰਕ, ਜਲੰਧਰ : ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਕੌਮਾਂਤਰੀ ਯਾਦਗਾਰੀ ਟਰੱਸਟ ਵੱਲੋਂ ਇਸ ਸਾਲ ਬਾਬਾ ਬੰਨੋਆਣਾ ਦੀ ਯਾਦ 'ਚ ਕੀਤੇ ਜਾ ਰਹੇ ਸਮਾਗਮ ਮੌਕੇ ਕਾਮਰੇਡ ਗੁਰਮੀਤ ਨੂੰ ਦੇਸ਼ਭਗਤ ਯਾਦਗਾਰ ਹਾਲ 'ਚ ਸਨਮਾਨ ਭੇਂਟ ਕੀਤਾ ਜਾ ਰਿਹਾ ਹੈ। ਕਾਮਰੇਡ ਗੁਰਮੀਤ ਉਹ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਲੰਮਾ ਸਮਾਂ ਬਾਬਾ ਬੰਨੋਆਣਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਂਝ ਤਾਂ ਬਾਬਾ ਬੰਨੋਆਣਾ ਦੀ ਬਰਸੀ ਦਾ ਦਿਨ ਚਾਰ ਅਪ੍ਰੈਲ ਹੈ, ਪਰ ਪਹਿਲੀ ਨਵੰਬਰ ਦਾ ਦਿਨ ਇਸ ਕਰ ਕੇ ਚੁਣਿਆ ਗਿਆ ਹੈ, ਕਿਉਂਕਿ ਬਾਬਾ ਬੰਨੋਆਣਾ ਦਾ 'ਮੇਲਾ ਗ਼ਦਰੀ ਬਾਬਿਆਂ' ਦਾ ਸ਼ੁਰੂ ਕਰਨ 'ਚ ਅਹਿਮ ਯੋਗਦਾਨ ਰਿਹਾ ਹੈ। ਇਹੋ ਨਹੀਂ, ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ 'ਚ ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਸਮੱਗਰੀ ਨੂੰ ਇਕੱਤਰ ਕਰ ਕੇ ਲਿਖਤੀ ਰੂਪ ਦੇਣ ਲਈ ਪ੫ਕਾਸ਼ਨ ਦਾ ਕਾਰਜ ਆਰੰਭ ਕਰਵਾਉਣ 'ਚ ਵੀ ਅਹਿਮ ਹਿੱਸਾ ਪਾਇਆ ਸੀ। ਬਾਬਾ ਬੰਨੋਆਣਾ ਦੀ ਇੱਛਾ ਸੀ ਕਿ ਨੌਜਵਾਨ ਪੀੜ੍ਹੀ ਪੱਤਰਕਾਰੀ ਦੇ ਖੇਤਰ 'ਚ ਅੱਗੇ ਆਵੇ ਤੇ ਇਸ ਦੀਆਂ ਉੱਚੀਆਂ-ਸੁੱਚੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਤਨਦੇਹੀ ਨਾਲ ਕਾਰਜ ਕਰੇ। ਉਨ੍ਹਾਂ ਦੀ ਇਹ ਚਾਹਤ ਉਸ ਸਮੇਂ ਪੂਰੀ ਹੁੰਦੀ ਨਜ਼ਰੀਂ ਪਈਂ, ਜਦੋਂ ਜਲੰਧਰ 'ਤ ਪੱਤਰਕਾਰੀ ਦੀ ਪੜ੍ਹਾਈ ਸ਼ੁਰੂ ਹੋਈ ਤੇ ਇਸ ਕਾਰਜ 'ਚ ਸੁਰਿੰਦਰ ਕੌਰ ਮੀਸ਼ਾ ਨੇ ਆਪਣਾ ਬਣਦਾ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਬਾਬਾ ਬੰਨੋਆਣਾ ਦੀ ਬਰਸੀ ਮੌਕੇ ਪੱਤਰਕਾਰੀ ਦੇ ਖੇਤਰ ਨਾਲ ਜੁੜੀ ਕਿਸੇ ਅਹਿਮ ਸ਼ਖਸੀਅਤ ਨੂੰ ਸਨਮਾਨਤ ਕਰਨ ਦਾ ਸ਼ਲਾਘਾਯੋਗ ਕਾਰਜ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਵਿਖੇ ਰਹਿੰਦੇ ਕਾਮਰੇਡ ਹਰਜਿੰਦਰ ਦੁਸਾਂਝ ਨੇ ਆਰੰਭ ਕਰਵਾਇਆ ਸੀ। ਇਸ ਵਰ੍ਹੇ ਇਹ ਸਨਮਾਨ ਕਾਮਰੇਡ ਗੁਰਮੀਤ ਨੂੰ ਦਿੱਤਾ ਜਾ ਰਿਹਾ ਹੈ, ਜਿਸ 'ਚ ਗਿਆਰਾਂ ਹਜ਼ਾਰ ਰੁਪਏ ਨਕਦ, ਇਕ ਮਾਣ-ਪੱਤਰ ਤੇ ਇੱਕ ਸ਼ਾਲ ਭੇਂਟ ਕੀਤਾ ਜਾਵੇਗਾ। ਇਹ ਸਨਮਾਨ ਦੇਣ ਦਾ ਫਰਜ਼ ਕਾਮਰੇਡ ਨੌਨਿਹਾਲ ਸਿੰਘ ਤੇ ਹਰਬੀਰ ਕੌਰ ਬੰਨੋਆਣਾ, ਜੋ ਬਾਬਾ ਬੰਨੋਆਣਾ ਦੀ ਜੀਵਨ ਸਾਥਣ ਹਨ ਤੇ ਹੋਰ ਉੱਘੇ ਸਾਥੀਆਂ ਵਲੋਂ ਨਿਭਾਇਆ ਜਾਵੇਗਾ।