ਜੇਐੱਨਐੱਨ, ਜਲੰਧਰ : ਸੋਮਵਾਰ ਦੇਰ ਰਾਤ ਜੀਆਰਪੀ ਨੂੰ ਡੀਏਵੀ ਕਾਲਜ ਦੇ ਨੇੜੇ ਰੇਲਵੇ ਟਰੈਕ 'ਤੇ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਵਿਅਕਤੀ ਦੀ ਕਿਸੇ ਰੇਲਗੱਡੀ ਦੀ ਲਪੇਟ 'ਚ ਆ ਕੇ ਮੌਤ ਹੋਈ ਸੀ। ਜੀਆਰਪੀ ਮੁਤਾਬਕ ਲਾਸ਼ ਨੂੰ ਸਿਵਲ ਹਸਪਤਾਲ ਲਾਸ਼ਘਰ 'ਚ ਰੱਖਿਆ ਗਿਆ ਸੀ। ਮੰਗਲਵਾਰ ਨੂੰ ਮਿ੍ਰਤਕ ਦੀ ਸ਼ਨਾਖਤ ਕਰ ਲਈ ਗਈ। ਜੀਆਰਪੀ ਥਾਣੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਿ੍ਰਤਕ ਦੀ ਪਛਾਣ ਵਰਿੰਦਰ ਕੁਮਾਰ ਮਿੱਡਾ (56) ਨਿਵਾਸੀ ਸ਼ਾਸਤਰੀ ਨਗਰ, ਜਲੰਧਰ ਵਜੋਂ ਕੀਤੀ ਗਈ ਹੈ। ਜੀਆਰਪੀ ਮੁਤਾਬਕ ਮਿ੍ਰਤਕ ਦੀ ਪਤਨੀ ਪੂਨਮ ਦੀ ਸ਼ਨਾਖਤ ਮਗਰੋਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜੀਆਰਪੀ ਵੱਲੋਂ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀਆਰਪੀ ਥਾਣਾ ਤੋਂ ਮਿਲੀ ਜਾਣਕਾਰੀ 'ਚ ਦੱਸਿਆ ਗਿਆ ਹੈ ਵਰਿੰਦਰ ਕੁਮਾਰ ਮਿੱਡਾ ਬੀਤੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਬਿਮਾਰ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸਵੇਰੇ ਉਹ ਐਕਟਿਵਾ 'ਤੇ ਘਰ ਤੋਂ ਨਿਕਲਿਆ ਸੀ। ਦੇਰ ਸ਼ਾਮ ਤਕ ਉਸ ਦੀ ਪਰਿਵਾਰ ਨੂੰ ਕੋਈ ਸੂਚਨਾ ਨਹੀਂ ਮਿਲੀ ਸੀ। ਰੇਲਵੇ ਟਰੈਕ 'ਤੇ ਲਾਸ਼ ਮਿਲਣ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵੱਲੋਂ ਜੀਆਰਪੀ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਮਿ੍ਰਤਕ ਦੀ ਪਤਨੀ ਨੇ ਲਾਸ਼ ਦੀ ਸ਼ਨਾਖਤ ਕੀਤੀ।