ਸ਼ੈਲੀ, ਜਲੰਧਰ : ਸ਼ਨਿੱਚਰਵਾਰ ਰਾਤ ਨਕੋਦਰ 'ਚ ਪੈਂਦੇ ਪਿੰਡ ਆਦੀ ਵਿਖੇ ਹੋਏ ਦੋਹਰੇ ਕਤਲ ਕਾਂਡ 'ਚ ਨਵਪ੍ਰੀਤ ਤੇ ਆਸ਼ੂ ਦਾ ਕਤਲ ਕਰਨ ਵਾਲਾ ਮੁਲਜ਼ਮ ਭਿੰਦਾ ਪੁਲਿਸ ਦੀ ਗਿ੍ਰਫਤ 'ਚੋਂ ਬਾਹਰ ਹੈ। ਹਾਲਾਂਕਿ ਪੁਲਿਸ ਵੱਲੋਂ ਉਸ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਦਰ ਨਕੋਦਰ ਦੇ ਮੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਭਿੰਦਾ ਘਰੋਂ ਫਰਾਰ ਹੈ ਤੇ ਉਸ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਭਿੰਦਾ ਦੀ ਗਿ੍ਰਫ਼ਤਾਰੀ ਲਈ ਪੁਲਿਸ ਵੱਲੋਂ ਜਲੰਧਰ ਦੇ ਪਿੰਡ ਸਾਬੂ, ਹੁਸੈਨਪੁਰ, ਚੁਗਿੱਟੀ ਤੇ ਕਈਂ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਪੁਖਤਾ ਜਾਣਕਾਰੀ ਮਿਲੀ ਹੈ ਛੇਤੀ ਹੀ ਭਿੰਦਾ ਪੁਲਿਸ ਦੇ ਹੱਥ ਲੱਗ ਜਾਵੇਗਾ।

ਨਾਜਾਇਜ਼ ਸ਼ੱਕ ਕਾਰਨ ਕੀਤਾ ਸੀ ਜ਼ਖ਼ਮੀ

ਸ਼ਨਿੱਚਰਵਾਰ ਰਾਤ ਨੂੰ ਨਕੋਦਰ 'ਚ ਪੈਂਦੇ ਪਿੰਡ ਆਦੀ ਵਿਖੇ ਦਿਓਰ ਭਿੰਦੇ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਭਰਜਾਈ ਨਵਪ੍ਰੀਤ ਤੇ ਪਿੰਡ ਦੇ ਹੀ ਇਕ ਨੌਜਵਾਨ ਆਸ਼ੂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਆਸ਼ੂ ਨਵਪ੍ਰੀਤ ਨੂੰ ਉਸ ਦੇ ਘਰ ਮਿਲਣ ਆਇਆ ਸੀ ਜਿਸ 'ਤੇ ਪਹਿਲਾਂ ਹੀ ਸ਼ੱਕ ਹੋਣ ਕਾਰਨ ਭਿੰਦੇ ਨੇ ਆਸ਼ੂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਜਦੋਂ ਉਸ ਦੀ ਭਰਜਾਈ ਨਵਪ੍ਰੀਤ ਆਸ਼ੂ ਨੂੰ ਬਚਾਉਣ ਲਈ ਵਿਚ ਆਈ ਤਾਂ ਭਿੰਦੇ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ ਤੇ ਉਹ ਵੀ ਗੰਭੀਰ ਜ਼ਖ਼ਮੀ ਹੋ ਗਈ। ਨਵਪ੍ਰੀਤ ਨੂੰ ਗੰਭੀਰ ਹਾਲਤ 'ਚ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਆਸ਼ੂ ਨੂੰ ਨਕੋਦਰ ਦੇ ਹੀ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਮਾਮਲੇ 'ਚ ਪੁਲਿਸ ਵੱਲੋਂ ਭਿੰਦੇ ਦੀ ਭਾਲ 'ਚ ਸ਼ਨਿੱਚਰਵਾਰ ਰਾਤ ਨੂੰ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਭਿੰਦਾ ਪੁਲਿਸ ਦੇ ਹੱਥ ਨਹੀਂ ਆਇਆ।

ਆਸ਼ੂ ਦਾ ਹੋਇਆ ਸਸਕਾਰ

ਆਸ਼ੂ ਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਉਸ ਦੀ ਲਾਸ਼ ਦਾ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ। ਵਾਰਸਾਂ ਨੇ ਸਸਕਾਰ ਕਰ ਦਿੱਤਾ ਹੈ। ਆਸ਼ੂ ਦੇ ਮਾਤਾ-ਪਿਤਾ ਨਹੀਂ ਹਨ ਪਰ ਉਸ ਦੇ ਚਾਚੇ ਬਿੱਕਰ ਸਿੰਘ ਦੇ ਬਿਆਨਾ 'ਤੇ ਭਿੰਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਭਿੰਦੇ ਦੀ ਭਾਲ ਕਰ ਰਹੀ ਹੈ।

ਇਕ ਗ਼ਲਤੀ ਨੇ ਕੀਤੇ ਕਈ ਘਰ ਤਬਾਹ

ਇਸ ਸਾਰੀ ਘਟਨਾ ਦੌਰਾਨ ਇਕ ਗਲਤੀ ਕਾਰਨ ਕਈਂ ਘਰ ਤਬਾਹ ਹੋ ਗਏ। ਉਧਰ ਨਵਪ੍ਰੀਤ ਦਾ ਇਕ ਬੱਚਾ ਹੈ ਤੇ ਪਤੀ ਵਿਦੇਸ਼ ਹੈ ਜਿਸ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਦੂਜੇ ਪਾਸੇ ਆਸ਼ੂ ਦਾ ਵੀ ਨਵਾਂ-ਨਵਾਂ ਹੀ ਵਿਆਹ ਹੋਇਆ ਹੈ ਤੇ ਉਸ ਦੀ ਪਤਨੀ ਵੀ ਗਰਭਵਤੀ ਹੈ। ਤੀਜੇ ਪਾਸੇ ਜਤਿੰਦਰ ਸਿੰਘ ਉਰਫ ਭਿੰਦਾ ਜਿਸ ਨੇ ਅਣਖ ਖਾਤਰ ਆਪਣੀ ਭਰਜਾਈ ਤੇ ਆਸ਼ੂ ਦਾ ਕਤਲ ਕਰ ਦਿੱਤਾ। ਹੁਣ ਉਸ ਨੂੰ ਸਜ਼ਾ ਹੋਣੀ ਤੈਅ ਹੈ।