-ਦਾਜ ਦੇ ਲਾਲਚ ਵਿਚ ਕੁੜਮਾਈ ਕਿਸੇ ਹੋਰ ਨਾਲ ਕਰ ਦਿੱਤੀ

ਜੇਐੱਨਐੱਨ, ਮੋਰਿੰਡਾ : ਮੋਰਿੰਡਾ ਪੁਲਿਸ ਵੱਲੋਂ ਕੁੜਮਾਈ ਕਰਨ ਤੋਂ ਬਾਅਦ ਵਿਆਹ ਤੋਂ ਇਨਕਾਰ ਕਰਨ ਅਤੇ ਕਿਸੇ ਹੋਰ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਨ ਵਾਲੇ ਲੜਕਾ ਪਰਿਵਾਰ ਵਾਲਿਆਂ ਖ਼ਿਲਾਫ਼ ਬਾਕਾਇਦਾ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਡੀਐੱਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਮਕੜੋਨਾ ਕਲਾਂ ਦੇ ਰਹਿਣ ਵਾਲੇ ਸੁਰਮੁਖ ਸਿੰਘ ਪੁੱਤ ਭਾਗ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੀ ਲੜਕੀ ਦੀ ਕੁੜਮਾਈ ਕੁਝ ਸਮਾਂ ਪਹਿਲਾਂ ਪਿੰਡ ਮਾਧੋਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਨਵਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਨਾਲ ਪੂਰੇ ਰੀਤੀ-ਰਿਵਾਜ ਅਨੁਸਾਰ ਕੀਤੀ ਸੀ। ਇਸ ਉੱਤੇ ਲਗਪਗ ਚਾਰ ਲੱਖ ਰੁਪਈਆ ਖ਼ਰਚ ਆਇਆ ਸੀ। ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਲੜਕੇ ਵਾਲਿਆਂ ਨਾਲ ਵਿਆਹ ਦਾ ਦਿਨ ਤੈਅ ਕਰਨ ਦੀ ਗੱਲ ਕੀਤੀ ਗਈ ਤਾਂ ਲੜਕੇ ਵਾਲਿਆਂ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਤਾ ਲੱਗਿਆ ਕਿ ਲੜਕੇ ਵਾਲਿਆਂ ਨੇ ਦਾਜ ਦੇ ਲਾਲਚ ਵਿਚ ਉਸ ਦੀ ਕੁੜਮਾਈ ਕਿਸੇ ਹੋਰ ਲੜਕੀ ਨਾਲ ਕਰ ਦਿੱਤੀ ਹੈ।

ਡੀਐੱਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਦੋਂ ਜਾਂਚ ਕੀਤੀ ਗਈ ਤਾਂ ਸੁਰਮੁਖ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਗਈ ਸ਼ਿਕਾਇਤ ਨੂੰ ਠੀਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸੁਰਮੁਖ ਸਿੰਘ ਦੇ ਬਿਆਨ 'ਤੇ ਥਾਣਾ ਮੋਰਿੰਡਾ ਵਿਚ ਮੁਲਜ਼ਮ ਨਵਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਸਮੇਤ ਉਸ ਦੇ ਪਿਤਾ ਵਰਿੰਦਰ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਅਤੇ ਮਾਤਾ ਪਰਮਜੀਤ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਪਿੰਡ ਮਾਧੋਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੀ ਗਿ੍ਰਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।