ਤਿੰਨ ਦਿਨ ਤੋਂ ਹੋ ਰਹੀ ਸੀ ਪਾਸਟਰ ਦੀ ਰੇਕੀ

Updated on: Mon, 17 Jul 2017 10:53 PM (IST)
  

ਜੇਐੱਨਐੱਨ, ਲੁਧਿਆਣਾ : ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਨੂੰ 48 ਘੰਟੇ ਤੋਂ ਵੱਧ ਬੀਤ ਚੁੱਕੇ ਹਨ, ਜਿਸ 'ਚ ਪੁਲਿਸ ਨੇ ਕਈ ਪਹਿਲੂਆਂ 'ਤੇ ਕੰਮ ਕੀਤਾ ਹੈ। ਪਰ ਇਸ 'ਚ ਸਭ ਤੋਂ ਅਹਿਮ ਭੂਮਿਕਾ ਸੀਸੀਟੀਵੀ ਕੈਮਰਿਆਂ ਦੀ ਹੈ। ਇਸ ਲਈ ਸੋਮਵਾਰ ਪੁਲਿਸ ਨੇ ਸਲੇਮਟਾਬਰੀ ਇਲਾਕੇ 'ਚ ਲੱਗੇ 100 ਸੀਸੀਟੀਵੀ ਕੈਮਰਿਆਂ ਦੀ ਬੀਤੇ ਤਿੰਨ ਦਿਨਾਂ ਦੀ ਰਿਕਾਰਡਿੰਗ ਚੈੱਕ ਕੀਤੀ।

ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੂੰ ਪਤਾ ਚਲਿਆ ਹੈ ਕਿ ਹੱਤਿਆਰੇ ਬੀਤੇ 3 ਦਿਨਾਂ ਤੋਂ ਪਾਸਟਰ ਦੀ ਰੇਕੀ ਕਰ ਰਹੇ ਸੀ, ਜਿਸ ਦੇ ਚੱਲਦੇ ਸ਼ਨਿਚਰਵਾਰ ਨੂੰ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਗਏ। ਇਸ ਦੇ ਇਲਾਵਾ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਨੂੰ ਵੇਖਣ ਲਈ ਡੀਜੀਪੀ ਇਨਵੈਸਟੀਗੇਸ਼ਨ ਦਿਨਕਰ ਗੁਪਤਾ ਲੁਧਿਆਣਾ ਪੁੱਜੇ, ਜਿਨ੍ਹਾਂ ਪੁਲਿਸ ਕਮਿਸ਼ਨਰ ਆਰਐੱਨ ਢੋਕੇ ਨਾਲ ਮੀਟਿੰਗ ਕੀਤੀ, ਜੋਕਿ ਰਾਤ ਤਕ ਚੱਲਦੀ ਰਹੀ।

-- 100 ਕੈਮਰਿਆਂ ਤੋਂ ਮਿਲੇ ਕਈ ਅਹਿਮ ਸੁਰਾਗ

ਡੀਸੀਪੀ ਕਰਾਈਮ ਗਗਨਅਜੀਤ ਤੇ ਟੀਮ ਦੇ ਕਈ ਮੈਂਬਰਾਂ ਨੇ ਸਲੇਮਟਾਬਰੀ ਇਲਾਕੇ 'ਚ ਇਕ ਵਾਰ ਫਿਰ ਕਰਾਈਮ ਸੀਨ ਵੇਖਿਆ। ਇਸ ਦੇ ਬਾਅਦ ਇਲਾਕੇ 'ਚ ਲੱਗੇ ਲਗਪਗ 100 ਸੀਸੀਟੀਵੀ ਕੈਮਰੇ ਚੈੱਕ ਕੀਤੇ।

ਸੂਤਰ ਦੱਸਦੇ ਹਨ ਇਨ੍ਹਾਂ 'ਚ ਉਨ੍ਹਾਂ ਨੂੰ ਕਈ ਸ਼ੱਕੀ ਵੀ ਨਜ਼ਰ ਆਏ ਹਨ। ਇਸ ਦੇ ਨਾਲ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਦੱਸਿਆ ਬੀਤੇ ਤਿੰਨ ਦਿਨ ਤੋਂ ਕੁਝ ਸ਼ੱਕੀ ਲੋਕ ਇਲਾਕੇ 'ਚ ਘੁੰਮ ਰਹੇ ਸੀ, ਜਿਸ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਤਿੰਨ ਦਿਨ ਤੋਂ ਪਾਸਟਰ ਸੁਲਤਾਨ ਮਸੀਹ ਦੀ ਰੇਕੀ ਕੀਤੀ ਜਾ ਰਹੀ ਸੀ। ਉਸ ਦੇ ਆਧਾਰ 'ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

-- ਡੀਜੀਪੀ ਨੇ ਚੈੱਕ ਕੀਤੀ ਜਾਂਚ ਰਿਪੋਰਟ

ਉਕਤ ਮਾਮਲੇ ਦੀ ਜਾਂਚ ਕਿਥੋਂ ਤਕ ਪੁੱਜੀ ਤੇ ਕਿਹੜੇ-ਕਿਹੜੇ ਪਹਿਲੂਆਂ 'ਤੇ ਕੰਮ ਚੱਲ ਰਿਹਾ ਹੈ, ਇਸ ਸਬੰਧੀ ਪਤਾ ਕਰਨ ਲਈ ਸ਼ਾਮ ਨੂੰ ਡੀਜੀਪੀ ਇਨਵੈਸਟੀਗੇਸ਼ਨ ਦਿਨਕਰ ਗੁਪਤਾ ਲੁਧਿਆਣਾ ਪੁੱਜੇ, ਜਿਨ੍ਹਾਂ ਸੀਪੀ ਆਰਐੱਨ ਢੋਕੇ ਦੇ ਘਰ ਐੱਸਆਈਟੀ ਟੀਮ ਨਾਲ ਮੀਟਿੰਗ ਕੀਤੀ।

ਉਥੇ ਪੁਲਿਸ ਕਿਹੜੇ-ਕਿਹੜੇ ਪਹਿਲੂਆਂ 'ਤੇ ਕੰਮ ਕਰ ਰਹੀ ਹੈ। ਉਸ ਸਬੰਧੀ ਪੁੱਛਗਿੱਛ ਕੀਤੀ। ਦੇਰ ਰਾਤ ਤਕ ਮੀਟਿੰਗ ਚੱਲਦੀ ਰਹੀ।

-- ਧਾਰਮਿਕ ਥਾਵਾਂ 'ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼

ਪਾਸਟਰ ਦੀ ਹੱਤਿਆ ਦੇ ਬਾਅਦ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਪੰਜਾਬ ਦੇ ਸਾਰੇ ਧਾਰਮਿਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ 'ਚ ਲੁਧਿਆਣਾ ਨੂੰ ਮੁੱਖ ਰੱਖਿਆ ਗਿਆ ਹੈ।

ਸੁਰੱਖਿਆ ਦੇ ਲਿਹਾਜ ਨਾਲ ਸਾਰੀਆਂ ਧਾਰਮਿਕ ਥਾਵਾਂ ਬਾਹਰ 24 ਘੰਟੇ ਮੋਬਾਈਲ ਪੈਟਰੋਲਿੰਗ ਦੇ ਆਰਡਰ ਜਾਰੀ ਕੀਤੇ ਗਏ ਹਨ। ਇਸ ਦੇ ਇਲਾਵਾ ਧਾਰਮਿਕ ਆਗੂਆਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ।

-- ਵੱਡੇ ਮਾਮਲਿਆਂ ਦੀਆਂ ਸੀਸੀਟੀਵੀ ਫੁਟੇਜ ਦੀ ਦੁਬਾਰਾ ਜਾਂਚ

ਲੁਧਿਆਣਾ 'ਚ ਹਾਲੇ ਤਕ ਹੋਈਆਂ ਹਾਈ ਪ੍ਰੋਫਾਈਲ ਹੱਤਿਆਵਾਂ ਫਿਰ ਚਾਹੇ ਉਹ ਮਾਤਾ ਚੰਦ ਕੌਰ, ਡੇਰਾ ਪ੍ਰੇਮੀ ਪਿਤਾ-ਪੁੱਤਰ ਜਾਂ ਫਿਰ ਅਮਿਤ ਸ਼ਰਮਾ ਹੱਤਿਆਕਾਂਡ ਆਦਿ ਦੀਆਂ ਸੀਸੀਟੀਵੀ ਫੁਟੇਜ ਪੁਲਿਸ ਦੁਬਾਰਾ ਵੇਖ ਰਹੀ ਹੈ।

ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ 'ਚ ਕਿਧਰੇ ਇਕੋ ਹੀ ਮੁਲਜ਼ਮ ਤਾਂ ਨਹੀਂ? ਹਾਲਾਂਕਿ ਇਸ 'ਤੇ ਕਿਸੇ ਵੀ ਅਧਿਕਾਰੀ ਨੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਉਧਰ, ਪਾਸਟਰ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਹੱਥ ਜੋ ਫੁਟੇਜ ਲੱਗੀ ਹੈ ਉਸ 'ਚ ਨਜ਼ਰ ਆ ਰਿਹਾ ਹੈ ਕਿ ਪਾਸਟਰ ਦੀ ਹੱਤਿਆ ਕਰਨ ਦੇ ਬਾਅਦ ਹੱਤਿਆਰੇ ਫ਼ਰਾਰ ਹੋ ਗਏ। ਪਰ ਪੂਰੇ 11 ਮਿੰਟ ਤਕ ਪਾਸਟਰ ਨੂੰ ਚੁੱਕਣ ਕੋਈ ਨਹੀਂ ਆਇਆ।

-- ਇਕੋ ਜਿਹੇ ਦਿੱਸਦੇ ਹਨ ਹੱਤਿਆਰੇ

ਬੀਤੇ ਦਿਨੀ ਮੰਡੀ ਅਹਿਮਦਗੜ੍ਹ ਇਲਾਕੇ 'ਚ ਡੇਰਾ ਪ੍ਰੇਮੀ ਪਿਤਾ-ਪੁੱਤਰ ਦੀ ਹੱਤਿਆ ਕਰਨ ਵਾਲੇ ਹੱਤਿਆਰੇ ਸੀਸੀਟੀਵੀ ਕੈਮਰੇ 'ਚ ਕੈਦ ਹੋਏ ਸੀ। ਉਕਤ ਹੱਤਿਆਰੇ ਬਿਲਕੁੱਲ ਉਸੇ ਤਰ੍ਹਾਂ ਦੇ ਦਿਖਦੇ ਹਨ, ਜਿਨ੍ਹਾਂ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਕੀਤੀ ਹੈ।

ਦੋਵਾਂ ਨੇ ਉਂਜ ਹੀ ਟੋਪੀ, ਮੁੰਹ 'ਤੇ ਰੁਮਾਲ, ਹੱਥਾਂ 'ਚ ਦਸਤਾਨੇ ਤੇ ਅਪਾਚੇ ਮੋਟਰਸਾਈਕਲ ਦਾ ਇਸਤੇਮਾਲ ਕੀਤਾ। ਹੱਤਿਆਰਿਆਂ ਨੇ ਉਂਜ ਹੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਗੋਲੀਆਂ ਚਲਾਈਆਂ ਤੇ ਪਿਸਤੌਲ ਹਵਾ 'ਚ ਲਹਿਰਾਈ, ਜਿਵੇਂ ਡੇਰਾ ਪ੍ਰੇਮੀਆਂ ਦੀ ਹੱਤਿਆ ਕਰਨ ਬਾਅਦ ਕੀਤਾ ਗਿਆ ਸੀ।

-- ਬਾਕਸ

- ਇਲਾਕੇ 'ਚ ਲੱਗੇ ਲਗਪਗ 100 ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹਨ। ਫਿਲਹਾਲ ਫੁਟੇਜ ਦੇ ਆਧਾਰ 'ਤੇ ਹੱਤਿਆਰਿਆਂ ਦਾ ਪਤਾ ਕੀਤਾ ਜਾ ਰਿਹਾ ਹੈ।

- ਗਗਨਅਜੀਤ ਸਿੰਘ, ਡੀਸੀਪੀ ਕਰਾਈਮ।

-- ਸਾਰੀਆਂ ਧਾਰਮਿਕ ਥਾਵਾਂ ਤੇ ਚਰਚ ਦੀਆਂ ਸੁਰੱਖਿਆ ਵਧਾਉਣ ਤੇ ਪੈਟਰੋਲਿੰਗ ਦੇ ਨਿਰਦੇਸ਼ ਆਏ ਹਨ। ਇਸ ਲਈ ਫੋਰਸ ਨੂੰ ਡਵੈਲਪ ਕਰ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ 'ਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।

- ਆਰਐੱਨ ਢੋਕੇ, ਪੁਲਿਸ ਕਮਿਸ਼ਨਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news