ਵੰਦਨਾ ਦੇ ਦਮ 'ਤੇ ਜਿੱਤਿਆ ਭਾਰਤ

Updated on: Wed, 16 May 2018 07:36 PM (IST)
  

ਏਸ਼ਿਆਈ ਚੈਂਪੀਅਨਜ਼ ਟਰਾਫੀ

-ਮਹਿਲਾ ਹਾਕੀ ਟੀਮ ਨੇ ਚੀਨ ਨੂੰ 3-1 ਨਾਲ ਦਿੱਤੀ ਮਾਤ

-ਅਗਲੇ ਮੈਚ 'ਚ ਅੱਜ ਮਲੇਸ਼ੀਆ ਨਾਲ ਹੋਵੇਗਾ ਮੁਕਾਬਲਾ

ਡੋਂਗਏ ਸਿਟੀ (ਪੀਟੀਆਈ) : ਵੰਦਨਾ ਕਟਾਰੀਆ ਦੇ ਦੋ ਗੋਲਾਂ ਦੀ ਬਦੌਲਤ ਪਿਛਲੀ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜਵੀਂ ਏਸ਼ਿਆਈ ਮਹਿਲਾ ਚੈਂਪੀਅਨਜ਼ ਟਰਾਫੀ 'ਚ ਉੱਚੀ ਰੈਂਕਿੰਗ ਵਾਲੇ ਚੀਨ ਨੂੰ 3-1 ਨਾਲ ਹਰਾ ਦਿੱਤਾ। ਤਜਰਬੇਕਾਰ ਫਾਰਵਰਡ ਵੰਦਨਾ ਨੇ ਖੇਡ ਦੇ ਚੌਥੇ ਤੇ 11ਵੇਂ ਮਿੰਟ 'ਚ ਗੋਲ ਕਰ ਕੇ ਭਾਰਤੀ ਟੀਮ ਨੂੰ ਸ਼ੁਰੂਆਤ 'ਚ ਹੀ ਬੜ੍ਹਤ ਦਿਵਾ ਦਿੱਤੀ। ਟੀਮ ਵੱਲੋਂ ਤੀਜਾ ਗੋਲ ਗੁਰਜੀਤ ਕੌਰ ਨੇ ਕੀਤਾ। ਉਨ੍ਹਾਂ ਨੇ 51ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ 'ਚ ਕਾਮਯਾਬੀ ਹਾਸਿਲ ਕੀਤੀ। ਚੀਨ ਵੱਲੋਂ ਇੱਕੋ ਇਕ ਗੋਲ 15ਵੇਂ ਮਿੰਟ 'ਚ ਵੇਨ ਡਾਨ ਨੇ ਕੀਤਾ। 10ਵੀਂ ਰੈਕਿੰਗ 'ਤੇ ਕਾਬਜ ਭਾਰਤੀ ਟੀਮ ਨੇ ਅੱਠਵੀਂ ਰੈਂਕਿੰਗ ਵਾਲੀ ਚੀਨ ਦੀ ਟੀਮ ਖ਼ਿਲਾਫ਼ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ। ਲਿਲਿਮਾ ਮਿੰਜ, ਨਵਜੋਤ ਕੌਰ ਤੇ ਵੰਦਨਾ ਦੇ ਟੀਮ ਵਰਕ ਦੇ ਚੱਲਦੇ ਹੀ ਭਾਰਤੀ ਟੀਮ ਨੂੰ ਸ਼ੁਰੂਆਤੀ ਕਾਮਯਾਬੀ ਮਿਲੀ। ਟੀਮ ਦੇ ਦੂਜੇ ਗੋਲ 'ਚ ਉਦਿਤਾ ਨੇ ਵੰਦਨਾ ਦੀ ਮਦਦ ਕੀਤੀ ਜਿਸ ਨਾਲ ਵੰਦਨਾ ਨੇ ਚੀਨ ਦੀ ਗੋਲਕੀਪਰ ਨੂੰ ਭੁਲੇਖਾ ਦੇ ਕੇ ਗੋਲ ਕੀਤਾ। ਭਾਰਤ ਦੀ ਕਾਮਯਾਬੀ ਦਾ ਕੁਝ ਮਾਣ ਗੋਲਕੀਪਰ ਸਵਿਤਾ ਨੂੰ ਵੀ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਚੀਨ ਦੇ ਇਕ ਤੋਂ ਬਾਅਦ ਇਕ ਚਾਰ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਣ ਤੋਂ ਰੋਕਿਆ। ਵੰਦਨਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਨਾਲ ਨਵਾਜਿਆ ਗਿਆ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਚੀਨ ਦੀ ਖ਼ਤਰਨਾਕ ਟੀਮ ਖ਼ਿਲਾਫ਼ ਡਿਫੈਂਸ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਟੀਮ ਕਦੀ ਵੀ ਵਾਪਸੀ ਕਰਨ ਦੇ ਯੋਗ ਹੈ।

ਸੂਚੀ 'ਚ ਪੁੱਜਾ ਸਿਖ਼ਰ 'ਤੇ

ਦੋ ਮੈਚਾਂ 'ਚ ਦੋ ਜਿੱਤਾਂ ਨਾਲ ਭਾਰਤ ਸੂਚੀ 'ਚ ਸਿਖ਼ਰ 'ਤੇ ਹੈ। ਉਸ ਨੇ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਜਾਪਾਨ ਨੂੰ 4-1 ਨਾਲ ਹਰਾਇਆ ਸੀ। ਭਾਰਤ ਅਗਲੇ ਮੈਚ 'ਚ ਵੀਰਵਾਰ ਨੂੰ ਮਲੇਸ਼ੀਆ ਦਾ ਸਾਹਮਣਾ ਕਰੇਗਾ। ਮਲੇਸ਼ੀਆ ਨੇ ਬੁੱਧਵਾਰ ਨੂੰ ਜਾਪਾਨ ਨੂੰ 3-2 ਨਾਲ ਮਾਤ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: women hockey