ਵਿੰਬਲਡਨ

-ਲਾਤਵੀਆ ਦੀ ਯੇਲੇਨਾ ਨੇ ਚਿਬੁਲਕੋਵਾ ਨੂੰ ਹਰਾਇਆ

-ਜਰਮਨੀ ਦੀ ਕਰਬਰ ਨੇ ਕਸਾਤਕੀਨਾ ਨੂੰ ਦਿੱਤੀ ਮਾਤ

ਲੰਡਨ (ਰਾਇਟਰ) : ਯੇਲੇਨਾ ਓਸਤਾਪੇਂਕੋ ਵਿੰਬਲਡਨ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪੁੱਜਣ ਵਾਲੀ ਲਾਤਵੀਆ ਦੀ ਪਹਿਲੀ ਖਿਡਾਰਨ ਬਣ ਗਈ। ਉਨ੍ਹਾਂ ਨੇ ਮੰਗਲਵਾਰ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿਚ ਸਲੋਵਾਕੀਆ ਦੀ ਡੋਮੀਨਿਕਾ ਚਿਬੁਲਕੋਵਾ ਨੂੰ 7-5, 6-4 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਜਰਮਨੀ ਦੀ ਏਂਜੇਲਿਕ ਕਰਬਰ ਨਾਲ ਹੋਵੇਗਾ। ਕਰਬਰ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਰੂਸ ਦੀ ਡਾਰੀਆ ਕਸਾਤਕੀਨਾ ਨੂੰ 6-3, 7-5 ਨਾਲ ਮਾਤ ਦੇ ਕੇ ਆਖ਼ਰੀ-ਚਾਰ 'ਚ ਥਾਂ ਬਣਾਈ।

13 ਮਹੀਨੇ ਪਹਿਲਾਂ ਰੋਲਾਂ ਗੈਰਾ ਵਿਚ ਆਪਣਾ ਪਹਿਲਾ ਕਲੇ ਕੋਰਟ ਖ਼ਿਤਾਬ ਜਿੱਤਣ ਤੋਂ ਬਾਅਦ 12ਵਾਂ ਦਰਜਾ ਹਾਸਿਲ ਓਸਤਾਪੇਂਕੋ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹੁਣ ਉਹ ਜਦ ਵੀਰਵਾਰ ਨੂੰ ਆਖ਼ਰੀ ਚਾਰ ਦੇ ਮੁਕਾਬਲੇ ਵਿਚ 11ਵਾਂ ਦਰਜਾ ਕਰਬਰ ਸਾਹਮਣੇ ਹੋਵੇਗੀ ਤਾਂ ਆਲ ਇੰਗਲੈਂਡ ਕਲੱਬ 'ਤੇ ਆਪਣੇ ਪਹਿਲੇ ਗਰਾਸ ਕੋਰਟ ਫਾਈਨਲ ਵਿਚ ਪੁੱਜਣ ਦੀ ਉਮੀਦ ਕਰੇਗੀ। ਚਿਬਲੁਕੋਵਾ ਖ਼ਿਲਾਫ਼ ਤਿੰਨ ਮੁਕਾਬਲਿਆਂ ਵਿਚ ਪਹਿਲੀ ਵਾਰ ਜਿੱਤ ਹਾਸਿਲ ਕਰਨ ਵਾਲੀ ਓਸਤਾਪੇਂਕੋ ਨੇ ਕਿਹਾ ਕਿ ਮੈਂ ਮੁਕਾਬਲੇ ਵਿਚ ਅੰਤ ਤਕ ਲੜ ਰਹੀ ਹਾਂ ਤੇ ਇਸ ਨਾਲ ਮੈਨੂੰ ਕਾਫੀ ਆਤਮਵਿਸ਼ਵਾਸ ਮਿਲਦਾ ਹੈ। ਸੈਮੀਫਾਈਨਲ ਵਿਚ ਪੁੱਜਣਾ ਕਾਫੀ ਚੰਗਾ ਹੈ।

ਵਿਸ਼ਵ ਰੈਂਕਿੰਗ ਵਿਚ 33ਵੇਂ ਨੰਬਰ 'ਤੇ ਕਾਬਜ ਚਿਬੁਲਕੋਵਾ ਨੇ ਆਪਣੇ ਵੱਲੋਂ ਬਿਹਤਰੀਨ ਕੋਸ਼ਿਸ਼ ਕੀਤੀ ਤੇ ਓਸਤਾਪੇਂਕੋ ਨੂੰ ਸ਼ੁਰੂ ਤੋਂ ਉਨ੍ਹਾਂ ਖ਼ਿਲਾਫ਼ ਜੂਝਣਾ ਪਿਆ। ਇਸ ਤੋਂ ਬਾਅਦ ਓਸਤਾਪੇਂਕੋ ਨੇ ਲੈਅ ਹਾਸਿਲ ਕਰ ਲਈ ਤੇ 82 ਮਿੰਟ ਤਕ ਚੱਲੇ ਇਸ ਮੁਕਾਬਲੇ ਨੂੰ ਜਿੱਤ ਕੇ ਉਹ ਇਸ ਸਾਲ ਕੋਈ ਵੀ ਸੈੱਟ ਹਾਰੇ ਬਿਨਾਂ ਸੈਮੀਫਾਈਨਲ ਵਿਚ ਪੁੱਜਣ ਵਿਚ ਸਫ਼ਲ ਹੋਈ।