ਫੈਡਰਰ ਨੇ ਰਚਿਆ ਇਤਿਹਾਸ

Updated on: Sun, 16 Jul 2017 10:26 PM (IST)
  

-ਵਿੰਬਲਡਨ 'ਚ ਰਿਕਾਡਰ ਅੱਠਵਾਂ ਖ਼ਿਤਾਬ ਕੀਤਾ ਆਪਣੇ ਨਾਂ

-ਇਹ ਟਰਾਫੀ ਜਿੱਤਣ ਵਾਲੇ ਸਭਤੋਂ ਜ਼ਿਆਦਾ ਉਮਰ ਦੇ ਖਿਡਾਰੀ ਬਣੇ

ਲੰਡਨ (ਏਐੱਫਪੀ) : ਗ੍ਰਾਸ ਕੋਰਟ ਦੇ ਬੇਤਾਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਐਤਵਾਰ ਨੂੰ 6-3, 6-1, 6-4 ਨਾਲ ਹਰਾ ਕੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਰਦ ਸਿੰਗਲਜ਼ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। 35 ਸਾਲਾ ਫੈਡਰਰ ਵਿੰਬਲਡਨ ਨੂੰ ਅੱਠ ਵਾਰ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ। 11ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਰਦ ਸਿੰਗਲਜ਼ ਫਾਈਨਲ ਖੇਡ ਰਹੇ ਤੀਜਾ ਦਰਜਾ ਫੈਡਰਰ ਨੇ ਸੱਤਵਾਂ ਦਰਜਾ ਸਿਲਿਚ ਨੂੰ ਇਕ ਘੰਟੇ, 41 ਮਿੰਟ 'ਚ ਮਾਤ ਦੇ ਦਿੱਤੀ। ਫੈਡਰਰ ਨੇ ਆਪਣੇ ਅੱਠਵੇਂ ਵਿੰਬਲਡਨ ਖ਼ਿਤਾਬ ਨਾਲ ਬਰਤਾਨੀਆ ਦੇ ਵਿਲੀਅਮ ਰੇਨਸ਼ਾ ਤੇ ਅਮਰੀਕਾ ਦੇ ਪੀਟ ਸੰਪ੍ਰਾਸ ਨੂੰ ਪਿੱਛੇ ਛੱਡ ਦਿੱਤਾ। ਰੇਨਸ਼ਾ ਨੇ 1968 'ਚ ਓਪਨ ਯੁਗ ਸ਼ੁਰੂ ਹੋਣ ਤੋਂ ਪਹਿਲਾਂ ਸੱਤ ਵਾਰ ਇਹ ਖ਼ਿਤਾਬ ਜਿੱਤਿਆ ਸੀ ਜਦਕਿ ਸੰਪ੍ਰਾਸ ਨੇ ਓਪਨ ਯੁਗ 'ਚ ਸੱਤ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ। ਹੁਣ ਫੈਡਰਰ ਇਨ੍ਹਾਂ ਦੋਵਾਂ ਦਿੱਗਜ ਖਿਡਾਰੀਆਂ ਤੋਂ ਅੱਗੇ ਨਿਕਲ ਗਏ ਹਨ।

ਸਭ ਤੋਂ ਉਮਰਦਰਾਜ ਚੈਂਪੀਅਨ :

ਉਹ ਇੱਥੇ ਖ਼ਿਤਾਬ ਜਿੱਤਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਫੈਡਰਰ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਉਮਰ 'ਚਇਹ ਖ਼ਿਤਾਬ ਜਿੱਤਣ ਵਾਲੇ ਖਿਡਾਰੀ ਆਰਥਰ ਐਸ਼ ਸਨ ਜਿਨ੍ਹਾਂ ਨੇ ਲਗਪਗ 32 ਸਾਲ ਦੀ ਉਮਰ 'ਚ ਇਹ ਟਰਾਫੀ ਜਿੱਤੀ ਸੀ। ਫੈਡਰਰ ਦਾ ਇਹ 19ਵਾਂ ਗਰੈਂਡ ਸਲੈਮ ਖ਼ਿਤਾਬ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ 'ਚ ਆਸਟ੫ੇਲੀਅਨ ਓਪਨ ਦਾ ਖ਼ਿਤਾਬ ਵੀ ਜਿੱਤਿਆ ਸੀ।

ਸਿਲਿਚ ਦੀ ਇਕ ਨਾ ਚੱਲੀ :

ਆਪਣੇ ਦੂਜੇ ਗਰੈਂਡ ਸਲੈਮ ਤੇ ਪਹਿਲੇ ਵਿੰਬਲਡਨ ਖ਼ਿਤਾਬ ਲਈ ਕੋਸ਼ਿਸ਼ ਕਰ ਰਹੇ ਸਿਲਿਚ ਦੀ ਫੈਡਰਰ ਸਾਹਮਣੇ ਇਕ ਨਾ ਚੱਲੀ। ਫੈਡਰਰ ਨੇ 2014 'ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਯੂਐੱਸ ਓਪਨ ਜਿੱਤ ਚੁੱਕੇ ਸਿਲਿਚ ਨੂੰ ਆਸਾਨੀ ਨਾਲ ਹਰਾ ਦਿੱਤਾ। 2014 ਤੋਂ 16 ਵਿਚਾਲੇ ਤਿੰਨ ਵਾਰ ਵਿੰਬਲਡਨ ਕੁਆਰਟਰ ਫਾਈਨਲ 'ਚ ਪਹੁੰਚ ਕੇ ਹਾਰਨ ਵਾਲੇ ਸਿਲਿਚ ਨੇ ਪਹਿਲੀ ਵਾਰ ਇਸ ਵੱਕਾਰੀ ਗ੍ਰਾਸ ਕੋਰਟ ਦੇ ਫਾਈਨਲ 'ਚ ਥਾਂ ਬਣਾਈ ਸੀ ਪਰ ਗ੍ਰਾਸ ਕੋਰਟ ਦਾ ਬਾਦਸ਼ਾਹ ਕਹੇਜਾਣ ਵਾਲੇ ਫੈਡਰਰ ਨੇ ਉਨ੍ਹਾਂ ਨੂੰ ਪਹਿਲੀ ਵਾਰ ਵਿੰਬਲਡਨ ਦਾ ਬਾਦਸ਼ਾਹ ਨਾ ਬਣਨ ਦਿੱਤਾ। ਦੂਜੇ ਪਾਸੇ ਇਸ ਸਾਲ ਆਸਟ੫ੇਲੀਅਨ ਓਪਨ ਖ਼ਿਤਾਬ ਜਿੱਤ ਚੁੱਕੇ ਫੈਡਰਰ ਵਿੰਬਲਡਨ 'ਚ ਆਪਣਾ 11ਵਾਂ ਫਾਈਨਲ ਖੇਡਦੇ ਹੋਏ ਇਕ ਵਾਰ ਫਿਰ ਜੇਤੂ ਬਣੇ। ਉਹ 2014, 2015 'ਚ ਵੀ ਫਾਈਨਲ 'ਚ ਪੁੱਜੇ ਸਨ ਪਰ ਉਹ ਸਰਬੀਆ ਦੇ ਨੋਵਾਕ ਜੋਕੋਵਿਕ ਹੱਥੋਂ ਹਾਰ ਗਏ ਸਨ। ਇਸ ਤੋਂ ਇਲਾਵਾ 2016 'ਚ ਉਹ ਸੈਮੀਫਾਈਨਲ 'ਚ ਕੈਨੇਡਾ ਦੇ ਮਿਲੋਸ ਰਾਓਨਿਕ ਹੱਥੋਂ ਹਾਰ ਗਏ ਸਨ।

ਇੰਜ ਹੋਇਆ ਮੁਕਾਬਲਾ :

ਪਹਿਲੇ ਸੈੱਟ ਦੀ ਸ਼ੁਰੂਆਤ 'ਚ ਸਿਲਿਚ ਨੇ ਆਪਣਾ ਕਲਾਸ ਦਿਖਾਇਆ ਅਤੇ ਇਕ ਸਮੇਂ 2-2 ਦੀ ਬਰਾਬਰੀ 'ਤੇ ਪਹੁੰਚ ਗਏ ਸਨ ਪਰ ਬਾਅਦ 'ਚ ਉਹ ਫੈਡਰਰ ਦੀ ਸ਼ਾਨਦਾਰ ਕਲਾਸ ਤੇ ਤਜਰਬੇ ਅੱਗੇ ਬੇਵੱਸ ਨਜ਼ਰ ਆਏ। ਫੈਡਰਰ ਨੇ ਇਹ ਸੈੱਟ 6-3 ਨਾਲ ਆਪਣੇ ਨਾਂ ਕਰ ਕੇ ਮੈਚ ਨੂੰ ਦੂਜੇ ਸੈੱਟ ਤਕ ਵਧਾਇਆ। ਦੂਜਾ ਸੈੱਟ ਸਿਲਿਚ ਲਈ ਹੋਰ ਵੀ ਨਿਰਾਸ਼ਾਜਨਕ ਸਾਬਿਤ ਹੋਇਆ। ਉਹ ਇਸ ਸੈੱਟ 'ਚ ਇਕ ਗੇਮ ਜਿੱਤ ਸਕੇ। ਫੈਡਰਰ ਨੇ ਆਪਣਾ ਵੱਕਾਰ ਕਾਇਮ ਕਰਦੇ ਹੋਏ ਇਹ ਸੈੱਟ 6-1 ਨਾਲ ਜਿੱਤਿਆ ਅਤੇ ਇਹ ਜ਼ਾਹਿਰ ਕਰ ਦਿੱਤਾ ਕਿ ਉਨ੍ਹਾਂ ਦੇ ਤਜਰਬੇ ਤੇ ਕਲਾਸਿਕ ਟੈਨਿਸ ਦੇ ਅੱਗੇ ਸਿਲਿਚ ਦੀ ਤੇਜ਼ ਸਰਵਿਸ ਦੀ ਇਕ ਨਹੀਂ ਚੱਲਣ ਵਾਲੀ ਹੈ। ਤੀਜੇ ਤੇ ਫ਼ੈਸਲਾਕੁਨ ਸੈੱਟ 'ਚ ਸਿਲਿਚ ਨੇ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ 2-1 ਦੀ ਬੜ੍ਹਤ ਹਾਸਿਲ ਕਰ ਲਈ। ਉਹ ਇਸ ਸੈੱਟ 'ਚ ਪਹਿਲਾਂ ਤੋਂ ਬਿਹਤਰ ਨਜ਼ਰ ਆਏ। ਫੈਡਰਰ ਨੇ ਇਸ ਤੋਂ ਬਾਅਦ ਦੋ ਗੇਮ ਜਿੱਤਦੇ ਹੋਏ 3-3 ਦੀ ਬਰਾਬਰੀ ਕੀਤੀ ਤੇ ਫਿਰ 5-3 ਨਾਲ ਅੱਗੇ ਹੋ ਗਏ ਪਰ ਸਿਲਿਚ ਨੇ ਸਕੋਰ 4-5 ਕਰ ਦਿੱਤਾ ਤੇ ਮੈਚ ਨੂੰ ਰੋਮਾਂਚਕ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਫੈਡਰਰ ਨੇ ਇੱਥੇ ਆਪਣੇ ਤਜਰਬੇ ਦਾ ਕਮਾਲ ਦਿਖਾਉਂਦੇ ਹੋਏ ਸਿਲਿਚ ਨੂੰ ਵਾਪਸੀ ਦਾ ਮੌਕਾ ਨਾ ਦਿੱਤਾ ਅਤੇ ਸੈੱਟ ਨਾਲ ਮੈਚ ਵੀ ਆਪਣੇ ਨਾਂ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: tennis tennis