ਮੈਸੀ ਦੇ ਦਮ 'ਤੇ ਕੁਆਰਟਰ ਫਾਈਨਲ 'ਚ ਬਾਰਸੀਲੋਨਾ

Updated on: Fri, 12 Jan 2018 08:53 PM (IST)
  

ਫੁੱਟਬਾਲ

-ਸੇਲਟਾ ਵਿਗੋ ਨੂੰ 5-0 ਨਾਲ ਦਿੱਤੀ ਮਾਤ

-ਲਿਓਨ ਨੇ ਕੀਤੇ ਸ਼ੁਰੂਆਤੀ ਦੋ ਗੋਲ

ਬਾਰਸੀਲੋਨਾ (ਆਈਏਐੱਨਐੱਸ) : ਕੋਪਾ ਡੇਲ ਰੇ ਕੱਪ ਦੇ ਪ੍ਰ੍ਰੀ ਕੁਆਰਟਰ ਫਾਈਨਲ 'ਚ ਬਾਰਸੀਲੋਨਾ ਨੇ ਲਿਓਨ ਮੈਸੀ ਦੇ ਦੋ ਗੋਲਾਂ ਦੀ ਬਦੌਲਤ ਸੇਲਟਾ ਵਿਗੋ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਥਾਂ ਬਣਾਈ। ਮੈਸੀ ਨੇ ਮੈਚ ਦੇ 13ਵੇਂ ਮਿੰਟ 'ਚ ਹੀ ਗੋਲ ਕਰ ਕੇ ਬਾਰਸੀਲੋਨਾ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ ਸੀ। ਇਸ ਤੋਂ ਦੋ ਮਿੰਟ ਬਾਅਦ ਹੀ ਮੈਸੀ ਨੇ 15ਵੇਂ ਮਿੰਟ 'ਚ ਦੂਜਾ ਗੋਲ ਕਰ ਕੇ ਸੇਲਟਾ ਵਿਗੋ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ। ਸੇਲਟਾ ਵਿਗੋ ਲਈ ਇਸ ਤੋਂ ਬਾਅਦ ਮੈਚ 'ਚ ਵਾਪਸੀ ਕਰਨਾ ਮੁਸ਼ਕਿਲ ਹੋ ਗਿਆ ਜਦ 28 ਵੇਂ ਮਿੰਟ 'ਚ ਜੋਰਡੀ ਅਲਬਾ ਨੇ ਗੋਲ ਕਰ ਕੇ ਬੜ੍ਹਤ ਨੂੰ 3-0 ਕਰ ਦਿੱਤਾ। ਬਾਰਸੀਲੋਨਾ ਦਾ ਹਮਲਾ ਇੱਥੇ ਨਹੀਂ ਰੁਕਿਆ। 31ਵੇਂ ਮਿੰਟ 'ਚ ਲੁਇਸ ਸੁਆਰੇਜ ਨੇ ਗੋਲ ਕੀਤਾ ਤੇ ਬਾਰਸੀਲੋਨਾ ਦੀ ਬੜ੍ਹਤ ਨੂੰ 4-0 ਕਰ ਦਿੱਤਾ। ਇਸ ਤੋਂ ਬਾਅਦ ਪਹਿਲੇ ਅੱਧ ਵਿਚ ਕੋਈ ਗੋਲ ਨਾ ਹੋ ਸਕਿਆ। ਮੈਚ ਦੇ ਦੂਜੇ ਅੱਧ ਵਿਚ ਬਾਰਸੀਲੋਨਾ ਨੇ ਸੇਲਟਾ ਵਿਗੋ ਨੂੰ ਆਖ਼ਰੀ ਝਟਕਾ ਦਿੱਤਾ ਜਦ ਇਵਾਨ ਰੇਕੀਟਕ ਨੇ ਮੈਚ ਦੇ 87ਵੇਂ ਮਿੰਟ 'ਚ ਗੋਲ ਕਰ ਕੇ ਸਕੋਰ ਨੂੰ 5-0 ਕਰ ਦਿੱਤਾ। ਇਸ ਜਿੱਤ ਤੋਂ ਬਾਅਦ ਬਾਰਸੀਲੋਨਾ ਨੇ ਕੁਆਰਟਰ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ।

ਨੇਮਾਰ ਦਾ ਪੀਐੱਸਜੀ ਜਾਣ ਦਾ ਫ਼ੈਸਲਾ ਗ਼ਲਤ : ਰੋਨਾਲਡੋ

ਰੀਓ ਡੀ ਜਨੇਰੀਓ (ਆਈਏਐੱਨਐੱਸ) : ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਰਹੇ ਰੋਨਾਲਡੋ ਨੇ ਕਿਹਾ ਕਿ ਨੇਮਾਰ ਦਾ ਪੀਐੱਸਜੀ ਨਾਲ ਜਾਣ ਦਾ ਫ਼ੈਸਲਾ ਗ਼ਲਤ ਕਦਮ ਹੈ। ਨੇਮਾਰ ਅਗਸਤ ਵਿਚ ਬਾਰਸੀਲੋਨਾ ਤੋਂ ਪੀਐੱਸਜੀ ਜਾ ਕੇ ਸਭ ਤੋਂ ਮਹਿੰਗੇ ਫੁੱਟਬਾਲਰ ਬਣੇ ਸਨ। ਰੋਨਾਲਡੋ ਨੂੰ ਲਗਦਾ ਹੈ ਕਿ 25 ਸਾਲਾ ਨੇਮਾਰ ਨੇ ਆਪਣੇ ਕਰੀਅਰ ਵਿਚ ਇਹ ਗ਼ਲਤ ਫ਼ੈਸਲਾ ਲਿਆ ਹੈ। 2002 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਰੋਨਾਲਡੋ ਨੇ ਕਿਹਾ ਕਿ ਮੈਂ ਬਾਰਸੀਲੋਨਾ 'ਚ ਸੀ ਤੇ 1997 ਵਿਚ ਮਿਲਾਨ ਗਿਆ ਸੀ। ਉਸ ਸਮੇਂ ਇਟਲੀ ਦੀ ਲੀਗ ਵਿਚ ਬਹੁਤ ਮੁਕਾਬਲਾ ਸੀ।

ਵਾਲਕੋਟ ਨਾਲ ਕਰਾਰ 'ਤੇ ਗੱਲ ਕਰ ਰਿਹਾ ਹੈ ਆਰਸੇਨਲ

ਰਾਇਟਰ (ਏਜੰਸੀ) : ਏਵਰਟਨ ਮੈਨੇਜਰ ਸੈਮ ਏਲਾਰਡੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਲੱਬ ਆਰਸੇਨਲ ਨਾਲ ਇੰਗਲੈਂਡ ਦੇ ਅੰਤਰਰਾਸ਼ਟਰੀ ਖਿਡਾਰੀ ਥੀਓ ਵਾਲਕੋਟ ਨਾਲ ਕਰਾਰ ਕਰਨ ਲਈ ਗੱਲਬਾਤ ਕਰ ਰਿਹਾ ਹੈ। 28 ਸਾਲਾ ਫਾਰਵਰਡ ਖਿਡਾਰੀ ਵਾਲਕੋਟ ਇਸ ਸਮੇਂ ਕਲੱਬ ਨੂੰ ਛੱਡਣ 'ਤੇ ਵਿਚਾਰ ਕਰ ਰਹੇ ਹਨ। ਏਲਾਰਡੇਸ ਨੇ ਕਿਹਾ ਕਿ ਅਸੀਂ ਵਾਲਕੋਟ ਨਾਲ ਕਰਾਰ ਕਰਨਾ ਚਾਹੁੰਦੇ ਹਾਂ। ਜੇ ਉਹ ਸਾਡੇ ਨਾਲ ਜੁੜਦੇ ਹਨ ਤਾਂ ਇਹ ਚੰਗਾ ਹੋਵੇਗਾ। ਆਰਸੇਨਲ ਨਾਲ ਗੱਲਬਾਤ ਦਾ ਦੌਰ ਜਾਰੀ ਹੈ ਤੇ ਮੈਨੂੰ ਨਹੀਂ ਲਗਦਾ ਹੈ ਕਿ ਲੋਨ ਦੀ ਜ਼ਰੂਰਤ ਪਵੇਗੀ। ਪ੍ਰੀਮੀਅਰ ਲੀਗ ਵਿਚ ਨੌਵੇਂ ਨੰਬਰ 'ਤੇ ਮੌਜੂਦ ਏਵਰਟਨ ਦਾ ਇਹ ਕਰਾਰ ਅਜੇ ਆਖ਼ਰੀ ਪੱਧਰ 'ਤੇ ਨਹੀਂ ਪੁੱਜਾ ਹੈ। ਆਰਸੇਨਲ ਦੇ ਮੈਨੇਜਰ ਆਰਸੇਨ ਵੇਂਗਰ ਨੇ ਵੀ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਵਾਲਕੋਟ ਜਾਣਾ ਚਾਹੁੰਦੇ ਹਨ ਜਾਂ ਰੁਕਣਾ ਚਾਹੁੰਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Soccer-Everton in negotiations to sign Walcott from Arsenal