ਸਿੰਧੂ ਤੇ ਕਸ਼ਯਵ ਨੇ ਪਾਰ ਕੀਤਾ ਪਹਿਲਾ ਅੜਿੱਕਾ

Updated on: Wed, 13 Sep 2017 09:02 PM (IST)
  

ਕੋਰੀਆ ਸੁਪਰ ਸੀਰੀਜ਼ ਬੈਡਮਿੰਟਨ

-ਥਾਈਲੈਂਡ ਦੇ ਤਨੋਨਸਕ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਸਮੀਰ ਵੀ ਪੁੱਜੇ ਦੂਜੇ ਗੇੜ 'ਚ

-ਸਾਤਵਿਕ ਤੇ ਚਿਰਾਗ ਦੀ ਜੋੜੀ ਵੀ ਵਧੀ ਅੱਗੇ, ਮਿਕਸਡ ਡਬਲਜ਼ 'ਚ ਮਿਲੀ ਮਾਤ

ਸਿਓਲ (ਆਈਏਐੱਨਐੱਸ) : ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ 'ਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਤੋਂ ਇਲਾਵਾ ਪਾਰੂਪੱਲੀ ਕਸ਼ਯਪ ਤੇ ਸਮੀਰ ਵਰਮਾ ਵੀ ਪਹਿਲਾ ਅੜਿੱਕਾ ਪਾਰ ਕਰਨ 'ਚ ਸਫ਼ਲ ਰਹੇ।

ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਸਿੰਧੂ ਨੇ ਹਾਂਗਕਾਂਗ ਦੀ ਚੇਂਗ ਨਗਾਨ ਯੀ ਨੂੰ ਸਿਰਫ 33 ਮਿੰਟ 'ਚ 21-13, 21-8 ਨਾਲ ਹਰਾਇਆ। ਪੰਜਵਾਂ ਦਰਜਾ ਸਿੰਧੂ ਨੂੰ ਇਹ ਮੁਕਾਬਲਾ ਜਿੱਤਣ 'ਚ ਕੋਈ ਮੁਸ਼ਕਿਲ ਨਹੀਂ ਹੋਈ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਸਿੰਧੂ ਦਾ ਹੁਣ ਨਗਾਨ ਖ਼ਿਲਾਫ਼ ਜਿੱਤ ਹਾਰ ਦਾ ਰਿਕਾਰਡ 5-0 ਹੋ ਗਿਆ ਹੈ। ਹੁਣ ਅਗਲੇ ਗੇੜ 'ਚ ਹੈਦਰਾਬਾਦੀ ਖਿਡਾਰਨ ਦਾ ਸਾਹਮਣਾ ਥਾਈਲੈਂਡ ਦੀ ਨਿਚੋਨ ਜਿੰਦਾਪੋਲ ਨਾਲ ਹੋਵੇਗਾ। ਸਿੰਧੂ ਤੇ ਜਿੰਦਾਪੋਲ ਨੇ ਦੋ ਮੁਕਾਬਲੇ ਖੇਡੇ ਹਨ ਜਿਸ ਵਿਚੋਂ ਦੋਵਾਂ ਨੇ ਇਕ ਇਕ ਜਿੱਤਿਆ ਹੈ।

ਕੁਆਲੀਫਾਇੰਗ 'ਚੋਂ ਮੁੱਖ ਗੇੜ 'ਚ ਪੁੱਜਣ ਵਾਲੇ ਯੂਐੱਸ ਓਪਨ ਦੇ ਉੱਪ ਜੇਤੂ ਕਸ਼ਯਪ ਨੇ ਚੀਨੀ ਤਾਇਪੇ ਦੇ ਹਸੂ ਜੇਨ ਹਾਓ ਨੂੰ 35 ਮਿੰਟ ਤਕ ਚੱਲੇ ਮੁਕਾਬਲੇ 'ਚ 21-13, 21-16 ਨਾਲ ਹਰਾਇਆ। ਕਸ਼ਯਪ ਦੀ ਹਾਓ ਖ਼ਿਲਾਫ਼ ਪੰਜ ਮੈਚਾਂ 'ਚ ਚੌਥੀ ਜਿੱਤ ਹੈ। ਕਾਮਨਵੈਲਥ ਦੇ ਚੈਂਪੀਅਨ ਕਸ਼ਯਪ ਦਾ ਮੁਕਾਬਲਾ ਹੁਣ ਦੁਨੀਆ ਦੇ ਨੰਬਰ ਇਕ ਖਿਡਾਰੀ ਕੋਰੀਆ ਦੇ ਸੋਨ ਵਾਨ ਹੋ ਨਾਲ ਹੋਵਾਗਾ। ਇਨ੍ਹਾਂ ਦੋਵਾਂ ਵਿਚਾਲੇ ਹੁਣ ਤਕ ਅੱਠ ਮੁਕਾਬਲੇ ਖੇਡੇ ਗਏ ਹਨ ਜਿਨ੍ਹਾਂ ਵਿਚੋਂ ਕਸ਼ਯਪ ਨੇ ਦੋ ਤੇ ਵਾਨ ਨੇ ਛੇ 'ਚ ਬਾਜ਼ੀ ਮਾਰੀ ਹੈ। ਸਮੀਰ ਨੇ ਥਾਈਲੈਂਡ ਦੇ ਅੱਠਵਾਂ ਦਰਜਾ ਤਨੋਨਸਕ ਸੇਨਸੋਬੂਨਸੁਕ ਨੂੰ 21-13, 21-23, 21-9 ਨਾਲ ਹਰਾ ਕੇ ਉਲਟਫੇਰ ਦਾ ਸ਼ਿਕਾਰ ਬਣਾਇਆ। ਭਾਰਤੀ ਖਿਡਾਰੀ ਨੇ ਮੁਕਾਬਲਾ 54 ਮਿੰਟ 'ਚ ਆਪਣੇ ਨਾ ਕੀਤਾ। ਮਰਦ ਡਬਲਜ਼ 'ਚ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਚੀਨੀ ਤਾਇਪੇ ਦੇ ਲੀ ਸ਼ਿੰਗ ਮੂ ਤੇ ਲਿਨ ਚਿਆ ਯੂ ਦੀ ਜੋੜੀ ਨੂੰ 51 ਮਿੰਟ 'ਚ 21-9, 22-24, 21-12 ਨਾਲ ਹਰਾ ਕੇ ਦੂਜੇ ਗੇੜ 'ਚ ਪੁੱਜੀ।

ਪੋਨੱਪਾ ਨੂੰ ਮਿਲੀ ਨਿਰਾਸ਼ਾ

ਮਿਕਸਡ ਡਬਲਜ਼ 'ਚ ਸਾਤਵਿਕ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਹਾਂਗਕਾਂਗ ਦੇ ਟਾਂਗ ਚੁਨ ਮੈਨ ਤੇ ਟਸੇ ਿਯੰਗ ਸੁਏਤ ਦੀ ਜੋੜੀ ਹੱਥੋਂ 18-21, 19-21 ਨਾਲ ਹਾਰ ਗਈ। ਮਹਿਲਾ ਡਬਲਜ਼ 'ਚ ਵੀ ਪੋਨੱਪਾ ਤੇ ਐੱਨ ਸਿੱਕੀ ਦੀ ਜੋੜੀ ਨੂੰ ਮਲੇਸ਼ੀਆ ਦੀ ਫੀ ਚੋ ਸੋਂਗ ਤੇ ਜਿੰਗ ਯੀ ਟੀ ਦੀ ਜੋੜੀ ਹੱਥੋਂ 21-19, 13-21, 17-21 ਨਾਲ ਹਾਰ ਸਹਿਣੀ ਪਈ। ਮਨੂ ਅੱਤਰੀ ਤੇ ਬੀ ਸੁਮਿਤ ਰੈੱਡੀ ਦੀ ਜੋੜੀ ਵੀ ਦੱਖਣੀ ਕੋਰੀਆ ਦੇ ਚੁੰਗ ਸੇਓਕ ਅਤੇ ਕਿਮ ਡੁਕ ਯੋਂਗ ਹੱਥੋਂ 11-21, 10-21 ਨਾਲ ਹਾਰ ਕੇ ਬਾਹਰ ਹੋ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sindhu, Kashyap advance; Prannoy, Manu-Sumeeth lose at Korea Open