ਸਾਈ ਕੋਚਾਂ ਦਾ ਹੋਵੇਗਾ ਮੈਡੀਕਲ ਤੇ ਫਿਟਨੈੱਸ ਟੈਸਟ

Updated on: Mon, 17 Jul 2017 10:14 PM (IST)
  

ਨਵੀਂ ਦਿੱਲੀ (ਪੀਟੀਆਈ) : 40 ਸਾਲ ਤੋਂ ਜ਼ਿਆਦਾ ਉਮਰ ਵਾਲੇ ਲਗਪਗ ਇਕ ਹਜ਼ਾਰ ਸਾਈ (ਭਾਰਤੀ ਖੇਡ ਅਥਾਰਟੀ) ਕੋਚਾਂ ਦਾ ਸਖ਼ਤ ਮੈਡੀਕਲ ਤੇ ਫਿਟਨੈੱਸ ਟੈਸਟ ਕਰਵਾਇਆ ਜਾਵੇਗਾ। ਇਸ ਵਿਚ ਨਾਕਾਮ ਹੋਣ ਤੋਂ ਬਾਅਦ ਖੇਡ ਮੰਤਰਾਲਾ ਉਨ੍ਹਾਂ ਨੂੰ ਅਹੁਦੇ ਛੱਡਣ ਲਈ ਕਹੇਗਾ। ਕੋਚਾਂ ਦਾ ਟੈਸਟ ਦੇਸ਼ 'ਚ ਤਿੰਨ ਗੇੜਾਂ 'ਚ ਕੀਤਾ ਜਾਵੇਗਾ। ਇਸ ਦੀ ਉੱਤਰ ਖੇਤਰ ਤੋਂ ਸ਼ੁਰੂਆਤ ਹੋਵੇਗੀ ਅਤੇ ਇਹ ਕੰਮ ਸਤੰਬਰ ਦੇ ਆਖ਼ਰ 'ਚ ਪੂਰਾ ਹੋ ਜਾਵੇਗਾ। ਕੋਚਾਂ ਦੀ ਸਹਿਨ ਸ਼ਕਤੀ ਦੇਖਣ ਲਈ ਉਨ੍ਹਾਂ ਨੂੰ 800 ਮੀਟਰ ਦੌੜਨ ਲਈ ਕਿਹਾ ਜਾਵੇਗਾ ਤੇ ਲਚਕੀਲਾਪਨ ਦੇਖਣ ਲਈ ਉਨ੍ਹਾਂ ਨੂੰ ਅੱਗੇ ਝੁਕ ਕੇ ਦਿਖਾਉਣਾ ਪਵੇਗਾ। ਕਸਰਤ ਨਾਲ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਤੇ ਏਰੋਬਿਕ ਫਿਟਨੈੱਸ ਵੀ ਦੇਖੀ ਜਾਵੇਗੀ। ਉਨ੍ਹਾਂ ਦੀ ਫਿਟਨੈੱਸ ਦੇਖਣ ਲਈ ਉਂਚਾਈ, ਵਜ਼ਨ, ਬਾਡੀ ਮਾਸ ਇੰਡੈਕਸ (ਬੀਐੱਮਆਈ) ਵੀ ਨਾਪੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਬਾਡੀ ਫੈਟ ਦੀ ਜਾਂਚ ਲਈ ਵੀ ਕਈ ਤਰ੍ਹਾਂ ਦੇ ਟੈਸਟ ਹੋਣਗੇ। ਖੇਡ ਮੰਤਰਾਲੇ ਦੇ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਕਿਸੇ ਵੀ ਅਯੋਗ ਕੋਚ ਨੂੰ ਸਕਾਰਾਤਮਕ ਨਤੀਜੇ ਨਾ ਮਿਲਣ, ਕੋਚਾਂ ਦੀ ਇਕ ਵੱਖਰੀ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਨਾਲ ਯਕੀਨੀ ਹੋਵੇਗਾ ਕਿ ਪੱਖਪਾਤ ਨਾ ਹੋਵੇ ਤੇ ਸਾਈ ਕੋਚਾਂ ਦੀ ਸਹੀ ਰਿਪੋਰਟ ਆਵੇ। ਸਾਈ ਗਵਰਨਿੰਗ ਬਾਡੀ ਦੇ ਮੈਂਬਰ ਬੀਵੀਪੀ ਰਾਓ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਕਰਨਗੇ। ਅਧਿਕਾਰੀ ਨੇ ਕਿਹਾ ਕਿ ਰਾਓ ਦੀ ਅਗਵਾਈ ਵਾਲੀ ਕਮੇਟੀ ਵਿਵਸਥਾ ਬਣਾਏਗੀ ਜੋ ਕੋਚ ਕੰਮ ਕਰਨ ਲਈ ਅਯੋਗ ਪਾਏ ਜਾਣਗੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਜਾਵੇਗਾ। ਰਿਟਾਇਰਡ ਆਈਏਐੱਸ ਅਧਿਕਾਰੀ ਰਾਓ ਨੂੰ ਪਿਛਲੇ ਹਫਤੇ ਸਾਈ ਗਵਰਨਿੰਗ ਬਾਡੀ ਦੀ ਮੀਟਿੰਗ 'ਚ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਇਹ ਕਮੇਟੀ ਅਧਿਕਾਰਕ ਸੂਚਨਾ ਜਾਰੀ ਹੋਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SAI coaches undergo assessment, to be sacked upon failure