ਪਲੇਆਫ ਦੀ ਉਮੀਦ ਕਾਇਮ ਰੱਖਣਾ ਚਾਹੇਗਾ ਬੈਂਗਲੁਰੂ

Updated on: Wed, 16 May 2018 07:36 PM (IST)
  

ਚੁਣੌਤੀ

-ਸੂਚੀ 'ਚ ਸਿਖ਼ਰ 'ਤੇ ਕਾਬਜ ਹੈਦਰਾਬਾਦ ਨਾਲ ਮੁਕਾਬਲਾ ਅੱਜ

-ਸਨਰਾਈਜ਼ਰਜ਼ ਪਹਿਲਾਂ ਹੀ ਬਣਾ ਚੁੱਕੇ ਹਨ ਆਖ਼ਰੀ ਚਾਰ 'ਚ ਥਾਂ

ਬੈਂਗਲੁਰੂ (ਪੀਟੀਆਈ) : ਪਲੇਆਫ 'ਚ ਪੁੱਜਣ ਦੀ ਜੱਦੋਜਹਿਦ ਵਿਚ ਰੁੱਝੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵੀਰਵਾਰ ਨੂੰ ਆਈਪੀਐੱਲ ਦੇ ਮਹੱਤਵਪੂਰਨ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਇਸ ਦਾ ਇਰਾਦਾ ਜਿੱਤ ਦੀ ਲੈਅ ਕਾਇਮ ਰੱਖਣ ਦਾ ਹੋਵੇਗਾ। ਦਿੱਲੀ ਡੇਅਰਡੇਵਿਲਜ਼ ਤੇ ਕਿੰਗਜ਼ ਇਲੈਵਨ ਪੰਜਾਬ 'ਤੇ ਲਗਾਤਾਰ ਮਿਲੀ ਜਿੱਤ ਨਾਲ ਆਰਸੀਬੀ ਦੀਆਂ ਪਲੇਆਫ ਦੀਆਂ ਉਮੀਦਾਂ ਮੁੜ ਜਿਊਂਦੀਆਂ ਹੋ ਗਈਆਂ ਹਨ। ਦੂਜੇ ਪਾਸੇ 12 ਵਿਚੋਂ ਨੌਂ ਮੈਚ ਜਿੱਤ ਕੇ ਸਨਰਾਈਜ਼ਰਜ਼ ਪਹਿਲਾਂ ਹੀ ਪਲੇਆਫ 'ਚ ਪੁੱਜ ਚੁੱਕੇ ਹਨ। ਆਰਸੀਬੀ ਅੱਠ ਟੀਮਾਂ 'ਚੋਂ ਸੱਤਵੇਂ ਸਥਾਨ 'ਤੇ ਹਨ, ਜਦਕਿ ਸਨਰਾਈਜ਼ਰਜ਼ 18 ਅੰਕ ਲੈ ਕੇ ਸਿਖ਼ਰ 'ਤੇ ਹਨ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਲਈ ਇਕ ਸੈਸ਼ਨ ਅੌਖਾ ਰਿਹਾ, ਜਿਸ ਨੇ 12 ਵਿਚੋਂ ਸੱਤ ਮੈਚ ਗੁਆਏ ਪਰ ਪਿਛਲੇ ਦੋ ਨਤੀਜਿਆਂ ਨਾਲ ਉਸ ਦੀਆਂ ਉਮੀਦਾਂ ਜਾਗੀਆਂ ਹਨ ਬਸ਼ਰਤੇ ਦੂਜੇ ਮੈਚਾਂ ਦੇ ਨਤੀਜੇ ਵੀ ਉਸ ਲਈ ਢੁੱਕਵੇਂ ਹੋਣ। ਮੇਜ਼ਬਾਨ ਟੀਮ ਬਹੁਤ ਹੱਦ ਤਕ ਕੋਹਲੀ ਤੇ ਦੱਖਣੀ ਅਫਰੀਕਾ ਦੇ ਏਬੀ ਡਿਵੀਲੀਅਰਜ਼ 'ਤੇ ਨਿਰਭਰ ਹੈ। ਉਸ ਨੂੰ ਮੋਇਨ ਅਲੀ ਤੇ ਕੋਰੀ ਐਂਡਰਸਨ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਹਲੀ ਅਜੇ ਤਕ 12 ਮੈਚਾਂ 'ਚ 514 ਦੌੜਾਂ ਬਣਾ ਚੁੱਕੇ ਹਨ ਜਦਕਿ ਡਿਵੀਲੀਅਰਜ਼ ਨੇ 10 ਮੈਚਾਂ 'ਚ 358 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿਚ ਉਮੇਸ਼ ਯਾਦਵ 17 ਵਿਕਟਾਂ ਲੈ ਚੁੱਕੇ ਹਨ।

ਵਿਲੀਅਮਸਨ ਨੇ ਕਾਇਮ ਕੀਤੀ ਮਿਸਾਲ :

ਸਨਰਾਈਜ਼ਰਜ਼ ਲਈ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 369 ਤੇ ਕੇਨ ਵਿਲੀਅਮਸਨ ਨੇ 544 ਦੌੜਾਂ ਬਣਾਈਆਂ ਹਨ। ਵਿਲੀਅਮਸਨ ਨੇ ਬਤੌਰ ਕਪਤਾਨ ਵੀ ਮਿਸਾਲ ਕਾਇਮ ਕੀਤੀ ਹੈ ਤੇ ਟੀਮ ਨੂੰ ਇਸ ਮੁਕਾਮ ਤਕ ਲੈ ਕੇ ਆਏ ਹਨ। ਯੂਸਫ਼ ਪਠਾਨ (186), ਮਨੀਸ਼ ਪਾਂਡੇ (189) ਤੇ ਸ਼ਾਕਿਬ ਅਲ ਹਸਨ (166) ਨੇ ਵੀ ਸਮੇਂ ਸਮੇਂ 'ਤੇ ਉਪਯੋਗੀ ਪਾਰੀਆਂ ਖੇਡੀਆਂ ਹਨ। ਸਨਰਾਈਜ਼ਰਜ਼ ਦੀ ਤਾਕਤ ਉਸ ਦੀ ਗੇਂਦਬਾਜ਼ੀ ਰਹੀ ਹੈ। ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਅਗਵਾਈ ਵਿਚ ਉਸ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭੁਵਨੇਸ਼ਵਰ ਨੇ ਅੱਠ ਵਿਕਟਾਂ ਲਈਆਂ ਹਨ ਜਦਕਿ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਅਤੇ ਲੈੱਗ ਸਪਿੰਨਰ ਰਾਸ਼ਿਦ ਖਾਨ 13 ਵਿਕਟਾਂ ਲੈ ਚੁੱਕੇ ਹਨ। ਸ਼ਾਕਿਬ ਨੇ 12 ਤੇ ਸੰਦੀਪ ਸ਼ਰਮਾ ਨੇ ਅੱਠ ਵਿਕਟਾਂ ਹਾਸਿਲ ਕੀਤੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: RCB vs SRH