ਰਹਾਣੇ ਤੇ ਰੈਨਾ ਟੀਮ 'ਚ, ਨਜ਼ਰਾਂ ਪੰਤ 'ਤੇ

Updated on: Wed, 11 Jan 2017 07:52 PM (IST)
  

ਅਭਿਆਸ ਮੈਚ

-ਇੰਗਲੈਂਡ ਖ਼ਿਲਾਫ਼ ਰਹਾਣੇ ਸੰਭਾਲਣਗੇ ਭਾਰਤ 'ਏ' ਦੀ ਕਮਾਨ

-ਝਾਰਖੰਡ ਦੇ ਇਸ਼ਾਨ ਕਿਸ਼ਨ ਨਿਭਾਉਣਗੇ ਵਿਕਟਕੀਪਰ ਦੀ ਭੂਮਿਕਾ

ਮੁੰਬਈ (ਪੀਟੀਆਈ) : ਭਾਰਤ 'ਏ' ਟੀਮ ਜਦ ਇੱਥੇ ਵੀਰਵਾਰ ਨੂੰ ਦੂਜੇ ਅਤੇ ਆਖ਼ਰੀ ਅਭਿਆਸ ਮੈਚ 'ਚ ਮਹਿਮਾਨ ਇੰਗਲੈਂਡ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਨੌਜਵਾਨ ਰਿਸ਼ਭ ਪੰਤ 'ਤੇ ਟਿਕੀਆਂ ਹੋਣਗੀਆਂ ਜਿਨ੍ਹਾਂ ਨੇ ਮੌਜੂਦਾ ਸੈਸ਼ਨ 'ਚ ਪਹਿਲਾ ਦਰਜਾ ਿਯਕਟ 'ਚ ਦੌੜਾਂ ਦਾ ਪਹਾੜ ਖੜ੍ਹਾ ਕੀਤਾ ਹੈ। ਇਹ ਤਿੰਨ ਵਨ ਡੇ ਅਤੇ ਤਿੰਨ ਟੀ-20 ਵਾਲੀ ਛੇ ਸੀਮਿਤ ਓਵਰਾਂ ਦੇ ਮੈਚਾਂ ਦੀ ਲੜੀ ਤੋਂ ਪਹਿਲਾਂ ਆਖ਼ਰੀ ਅਭਿਆਸ ਮੈਚ ਹੈ। ਸੀਮਤ ਓਵਰਾਂ ਦੀ ਸੀਰੀਜ਼ ਪੁਣੇ 'ਚ ਐਤਵਾਰ ਨੂੰ ਪਹਿਲੇ ਵਨ ਡੇ ਮੈਚ ਨਾਲ ਸ਼ੁਰੂ ਹੋਵੇਗੀ।

ਪੰਤ ਪਿਛਲੇ ਜੂਨੀਅਰ ਵਿਸ਼ਵ ਕੱਪ 'ਚ ਵੈਸਟਇੰਡੀਜ਼ ਹੱਥੋਂ ਹਾਰ ਕੇ ਉੱਪ-ਜਤੂ ਰਹਿਣ ਵਾਲੀ ਭਾਰਤੀ ਅੰਡਰ-19 ਟੀਮ ਦੇ ਮੈਂਬਰ ਸਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਰਣਜੀ ਟਰਾਫੀ ਸੈਸ਼ਨ ਦੀ ਸ਼ੁਰੂਆਤ 'ਚ ਹੀ ਪੰਤ ਨੇ ਮਹਾਰਾਸ਼ਟਰ ਖ਼ਿਲਾਫ਼ ਨੌਂ ਛੱਕਿਆਂ ਅਤੇ 42 ਚੌਕਿਆਂ ਦੀ ਮਦਦ ਨਾਲ 308 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ ਲਗਪਗ ਪ੍ਰਤੀ ਗੇਂਦ ਇਕ ਦੌੜ ਦੀ ਦਰ ਨਾਲ ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਝਾਰਖੰਡ ਖ਼ਿਲਾਫ਼ ਵੀ ਤੂਫ਼ਾਨੀ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਦੀ ਬਦੌਲਤ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਟੀ-20 ਮੈਚਾਂ ਦੀ ਲੜੀ ਲਈ ਭਾਰਤ ਦੀ ਟੀ-20 ਟੀਮ 'ਚ ਥਾਂ ਮਿਲੀ।

ਮਹਿੰਦਰ ਸਿੰਘ ਧੋਨੀ ਦਾ ਵਾਰਿਸ ਮੰਨੇ ਜਾ ਰਹੇ ਵਿਕਟਕੀਪਰ ਬੱਲੇਬਾਜ਼ ਪੰਤ ਨੂੰ ਬ੍ਰੇਬਾਰਨ ਸਟੇਡੀਅਮ ਦੀ ਪਿੱਚ ਰਾਸ ਆਵੇਗੀ ਜਿਸ 'ਤੇ ਚੰਗਾ ਉਛਾਲ ਹੁੰਦਾ ਹੈ ਅਤੇ ਗੇਂਦ ਬੱਲੇ 'ਤੇ ਆਉਂਦੀ ਹੈ। ਮੰਗਲਵਾਰ ਨੂੰ ਇੱਥੇ ਹੋਏ ਡੇ-ਨਾਈਟ ਅਭਿਆਸ ਮੈਚ 'ਚ ਵੀ ਅਜਿਹਾ ਹੀ ਨਜ਼ਰ ਆਇਆ ਸੀ ਜਿਸ ਵਿਚ ਇੰਗਲੈਂਡ ਜਿੱਤਿਆ ਸੀ ਪਰ ਅਜਿਹਾ ਨਹੀਂ ਹੈ ਕਿ ਸਾਰਿਆਂ ਦਾ ਧਿਆਨ ਸਿਰਫ ਪੰਤ 'ਤੇ ਹੋਵੇਗਾ। ਟੀਮ 'ਚ ਵਿਕਟਕੀਪਰ ਬੱਲੇਬਾਜ਼ ਦੀ ਥਾਂ ਲਈ ਉਨ੍ਹਾਂ ਨੂੰ ਝਾਰਖੰਡ ਦੇ ਇਸ਼ਾਨ ਕਿਸ਼ਨ ਤੋਂ ਵੀ ਸਖ਼ਤ ਚੁਣੌਤੀ ਮਿਲੇਗੀ ਜੋ ਅੰਡਰ-19 ਵਿਸ਼ਵ ਕੱਪ 'ਚ ਪੰਤ ਦੇ ਸਾਥੀ ਸਨ ਅਤੇ ਦਿੱਲੀ ਦੇ ਇਸ ਖਿਡਾਰੀ ਵਾਂਗ ਹੀ ਹਮਲਾਵਰ ਬੱਲੇਬਾਜ਼ ਵੀ ਹਨ। ਚੋਣਕਾਰਾਂ ਨੇ ਇਸ ਮੈਚ ਲਈ ਇਸ਼ਾਨ ਕਿਸ਼ਨ ਨੂੰ ਵਿਕਟਕੀਪਰ ਵਜੋਂ ਚੁਣਿਆ ਹੈ।

ਕਪਤਾਨ ਅਜਿੰਕੇ ਰਹਾਣੇ ਸੱਟ ਤੋਂ ਬਾਅਦ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਇਹ ਠੀਕ ਹੋਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਮੈਚ ਹੋਵੇਗਾ ਅਤੇ ਉਹ ਵਨ ਡੇ ਸੀਰੀਜ਼ ਤੋਂ ਪਹਿਲਾਂ ਲੈਅ 'ਚ ਆਉਣ ਦੀ ਕੋਸ਼ਿਸ਼ ਕਰਨਗੇ। ਵਨ ਡੇ ਟੀਮ 'ਚੋਂ ਸਥਾਨ ਗੁਆਉਣ ਵਾਲੇ ਪਰ ਟੀ-20 ਟੀਮ ਦੇ ਮੈਂਬਰ ਸੁਰੇਸ਼ ਰੈਨਾ ਵੀ ਚੰਗੀ ਪਾਰੀ ਖੇਡਣਾ ਚਾਹੁਣਗੇ। ਭਾਰਤ 'ਏ' 'ਚ ਤਜਰਬੇਕਾਰ ਬੱਲੇਬਾਜ਼ ਸ਼ੇਲਡਨ ਜੈਕਸਨ ਤੋਂ ਇਲਾਵਾ ਵਿਜੇ ਸ਼ੰਕਰ, ਪਰਵੇਜ਼ ਰਸੂਲ ਅਤੇ ਦੀਪਕ ਹੁੱਡਾ ਹਨ। ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੀਨੀਅਰ ਤੇਜ਼ ਗੇਂਦਬਾਜ਼ ਵਿਨੇ ਕੁਮਾਰ, ਅਸ਼ੋਕ ਡਿੰਗਾ ਅਤੇ ਪ੍ਰਦੀਪ ਸਾਂਗਵਾਨ ਨਾਲ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ ਨਦੀਮ ਦੇ ਹੱਥਾਂ 'ਚ ਰਹੇਗੀ।

ਇੰਗਲੈਂਡ ਵੀ ਆਪਣੇ ਮੁੱਖ ਹਰਫਨਮੌਲਾ ਬੇਨ ਸਟੋਕਸ, ਵਿਕਟਕੀਪਰ ਬੱਲੇਬਾਜ਼ ਜਾਨੀ ਬੇਰਸਟਾ, ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਨੂੰ ਮੈਚ 'ਚ ੁਉਤਾਰਨਾ ਚਾਹੇਗਾ ਜਿਨ੍ਹਾਂ ਨੂੰ ਮੰਗਲਵਾਰ ਨੂੰ ਰਿਜ਼ਰਵ ਰੱਖਿਆ ਗਿਆ ਸੀ। ਮੁੱਖ ਬੱਲੇਬਾਜ਼ ਜੋ ਰੂਟ ਦੇ ਇਸ ਮੁਕਾਬਲੇ 'ਚ ਖੇਡਣ ਦੀ ਉਮੀਦ ਨਹੀਂ ਹੈ ਕਿਉਂਕਿ ਉਹ ਵੀਰਵਾਰ ਨੂੰ ਹੀ ਟੀਮ ਨਾਲ ਜੁੜਨਗੇ ਅਤੇ ਫਿਰ ਟੀਮ ਨਾਲ ਪਹਿਲੇ ਵਨ ਡੇ ਲਈ ਪੁਣੇ ਲਈ ਰਵਾਨਾ ਹੋਣਗੇ।

ਟੀਮਾਂ :

ਇੰਡੀਆ 'ਏ' :

ਰਿਸ਼ਭ ਪੰਤ, ਅਜਿੰਕੇ ਰਹਾਣੇ (ਕਪਤਾਨ), ਸੁਰੇਸ਼ ਰੈਨਾ, ਦੀਪਕ ਹੁੱਡਾ, ਇਸ਼ਾਨ ਕਿਸ਼ਨ (ਵਿਕਟਕੀਪਰ), ਸ਼ੇਲਡਨ ਜੈਕਸਨ, ਵਿਜੇ ਸ਼ੰਕਰ, ਸ਼ਾਹਬਾਜ਼ ਨਦੀਮ, ਪਰੇਵਜ਼ ਰਸੂਲ, ਵਿਨੇ ਕੁਮਾਰ, ਪ੍ਰਦੀਪ ਸਾਂਗਵਾਨ, ਅਸ਼ੋਕ ਡਿੰਡਾ।

ਇੰਗਲੈਂਡ :

ਇਆਨ ਮੋਰਗਨ (ਕਪਤਾਨ), ਮੋਇਨ ਅਲੀ, ਜਾਨੀ ਬੇਰਸਟਾ, ਜੈਕ ਬਾਲ, ਸੈਮ ਬਿਲਿੰਗਜ਼, ਜੋਸ ਬਟਲਰ, ਲਿਆਮ ਡਾਸਨ, ਏਲੇਕਸ ਹੇਲਜ਼, ਲਿਆਮ ਪਲੰਕੇਟ, ਆਦਿਲ ਰਸ਼ੀਦ, ਜੇਸਨ ਰਾਏ, ਬੇਨ ਸਟੋਕਸ, ਡੇਵਿਡ ਵਿਲੀ, ਿਯਸ ਵੋਕਸ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Rahane and Raina in team, but focus on Pant