ਅਫਰੀਕੀ ਚੈਂਪੀਅਨ ਅਮੁਜੂ ਤੋਂ ਖ਼ਿਤਾਬ ਬਚਾਉਣਗੇ ਵਿਜੇਂਦਰ

Updated on: Mon, 04 Dec 2017 07:31 PM (IST)
  

ਪ੍ਰੋ ਮੁੱਕੇਬਾਜ਼ੀ

-23 ਦਸੰਬਰ ਨੂੰ ਜੈਪੁਰ 'ਚ ਹੋਵੇਗਾ ਦੋਵੇਂ ਹੋਣਗੇ ਆਹਮੋ-ਸਾਹਮਣੇ

-ਹੁਣ ਤਕ ਅਜੇਤੂ ਹਨ ਸਿੰਘ, ਅਰਨੇਸਟ ਨੇ ਜਿੱਤੇ ਨੇ 23 ਮੁਕਾਬਲੇ

ਨਵੀਂ ਦਿੱਲੀ (ਪੀਟੀਆਈ) : ਸਟਾਰ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਜੈਪੁਰ 'ਚ 23 ਦਸੰਬਰ ਨੂੰ ਅਫਰੀਕੀ ਚੈਂਪੀਅਨ ਘਾਨਾ ਦੇ ਅਰਨੇਸਟ ਅਮੁਜੂ ਖ਼ਿਲਾਫ਼ ਆਪਣਾ ਡਬਲਯੂਬੀਓ ਓਰੀਐਂਟਲ ਤੇ ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖ਼ਿਤਾਬ ਬਚਾਉਣ ਉਤਰਨਗੇ। ਅਜੇ ਤਕ ਹੋਏ ਆਪਣੇ ਸਾਰੇ ਨੌਂ ਮੁਕਾਬਲਿਆਂ ਵਿਚ ਅਜੇਤੂ ਰਹੇ ਵਿਜੇਂਦਰ ਨੇ ਅਗਸਤ 'ਚ ਚੀਨ ਦੇ ਨੰਬਰ ਇਕ ਮੁੱਕੇਬਾਜ਼ ਜੁਲਪੀਕਾਰ ਮੈਮਤਅਲੀ ਨੂੰ ਮਾਤ ਦੇ ਕੇ ਡਬਲਯੂਬੀਓ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬ ਜਿੱਤਿਆ ਸੀ। ਓਲੰਪਿਕ ਦੇ ਕਾਂਸੇ ਦਾ ਮੈਡਲ ਜੇਤੂ ਵਿਜੇਂਦਰ ਨੇ ਕਿਹਾ ਕਿ ਮੈਂ ਜੈਪੁਰ ਵਿਚ ਆਪਣੇ ਦਸਵੇਂ ਮੁਕਾਬਲੇ ਲਈ ਕਾਫੀ ਉਤਸ਼ਾਹਿਤ ਹਾਂ। ਮੈਂ ਪਿਛਲੇ ਦੋ ਮਹੀਨਿਆਂ ਤੋਂ ਰਿੰਗ ਵਿਚ ਸਖ਼ਤ ਸਿਖਲਾਈ ਲੈ ਰਿਹਾ ਹਾਂ ਤੇ ਹੁਣ ਵੀ ਮੇਰੇ ਅਗਲੇ ਮੁਕਾਬਲੇ 'ਚ ਤਿੰਨ ਹਫਤੇ ਦਾ ਸਮਾਂ ਹੈ। ਉਮੀਦ ਹੈ ਕਿ ਮੈਂ ਲਗਾਤਾਰ ਤੀਜਾ ਖ਼ਿਤਾਬ ਜਿੱਤਣ 'ਚ ਕਾਮਯਾਬ ਰਹਾਂਗਾ। ਆਪਣੀ ਨਵੀਂ ਪ੍ਰਮੋਸ਼ਨਲ ਕੰਪਨੀ 'ਵਿਜੇਂਦਰ ਸਿੰਘ ਪ੍ਰਮੋਸ਼ਨਜ਼' ਬਾਰੇ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੰਪਨੀ ਨਵੀਆਂ ਯੋਗਤਾਵਾਂ ਨੂੰ ਉਤਸ਼ਾਹ ਦੇਵੇਗੀ ਤੇ ਉਨ੍ਹਾਂ ਨੂੰ ਸਖ਼ਤ ਚੈਂਪੀਅਨਸ਼ਿਪਾਂ ਵਿਚ ਹਿੱਸਾ ਲੈਣ ਦਾ ਮੌਕਾ ਦੇਵੇਗੀ।

ਵਿਜੇਂਦਰ ਲਈ ਇਹ ਚੈਂਪੀਅਨਸ਼ਿਪ ਦੀ ਥਾਂ 'ਚ ਤਬਦੀਲੀ ਦਾ ਮੌਕਾ ਹੋਵੇਗਾ। ਉਨ੍ਹਾਂ ਨੇ ਆਪਣੇ ਪੁਰਾਣੇ ਮੁਕਾਬਲੇ ਦਿੱਲੀ ਤੇ ਮੁੰਬਈ ਵਰਗੇ ਮੈਟਰੋ ਸ਼ਹਿਰਾਂ ਵਿਚ ਲੜੇ ਸਨ। ਵਿਜੇਂਦਰ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜੈਪੁਰ ਦੇ ਲੋਕਾਂ ਲਈ ਇਹ ਮੁਕਾਬਲਾ ਰੋਮਾਂਚਕ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦ ਮੈਂ ਤੀਜੇ ਖ਼ਿਤਾਬ ਲਈ ਰਿੰਗ 'ਚ ਉਤਰਾਂਗਾ ਤਾਂ ਇਸ ਖੇਡ ਨੂੰ ਪਸੰਦ ਕਰਨ ਵਾਲੇ ਵੱਡੀ ਗਿਣਤੀ 'ਚ ਸਟੇਡੀਅਮ ਪੁੱਜਣਗੇ ਤੇ ਮੇਰਾ ਸਮਰਥਨ ਕਰਨਗੇ।

ਵਿਜੇਂਦਰ ਨੂੰ ਕਰਾਂਗਾ ਨਾਕਆਊਟ :

ਦੂਜੇ ਪਾਸੇ ਵਿਜੇਂਦਰ ਖ਼ਿਲਾਫ਼ ਅਮੁਜੂ ਆਪਣੇ ਕਰੀਅਰ ਦੀ 26ਵੀਂ ਪ੍ਰੋ ਫਾਈਟ 'ਚ ਰਿੰਗ 'ਚ ਉਤਰਨਗੇ। ਉਨ੍ਹਾਂ ਨੇ 23 ਮੁਕਾਬਲੇ ਜਿੱਤੇ ਹਨ ਜਿਨ੍ਹਾਂ ਵਿਚੋਂ 21 ਨਾਕਆਊਟ ਹਨ। ਆਪਣੇ ਕਰੀਅਰ 'ਚ ਉਹ ਸਿਰਫ ਦੋ ਮੁਕਾਬਲਿਆਂ ਵਿਚ ਹਾਰੇ ਹਨ। ਅਮੁਜੂ ਨੇ ਕਿਹਾ ਕਿ ਵਿਜੇਂਦਰ ਨੇ ਹੁਣ ਤਕ ਮੇਰੇ ਵਰਗੇ ਸਖ਼ਤ ਤੇ ਤਜਰਬੇਕਾਰ ਵਿਰੋਧੀ ਦਾ ਸਾਹਮਣਾ ਨਹੀਂ ਕੀਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਰਿੰਗ ਵਿਚ ਮੇਰੇ ਨਾਲ ਮੁਕਾਬਲਾ ਕਰਨ ਤੋਂ ਬਾਅਦ ਉਹ ਸਮਝ ਜਾਵੇਗਾ ਕਿ ਪ੍ਰੋ ਮੁੱਕੇਬਾਜ਼ੀ ਕਿੰਨੀ ਮੁਸ਼ਕਿਲ ਹੁੰਦੀ ਹੈ। ਮੈਂ ਵਿਜੇਂਦਰ ਨੂੰ ਸ਼ੁਰੂ ਦੇ 3-4 ਰਾਊਂਡ ਵਿਚ ਹਰਾ ਕੇ ਨਾਕਆਊਟ ਜਿੱਤ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pro Boxing