ਮੈਸੀ ਦੇ ਚੌਕੇ ਨਾਲ ਜਿੱਤਿਆ ਬਾਰਸੀਲੋਨਾ

Updated on: Wed, 20 Sep 2017 08:07 PM (IST)
  

ਲਾ ਲੀਗਾ

-ਏਈਬਰ ਦੀ ਟੀਮ ਨੂੰ 6-1 ਦੇ ਫ਼ਰਕ ਨਾਲ ਦਰੜਿਆ

-ਪਾਲਿਨ੍ਹੋ ਤੇ ਸੁਆਰੇਜ ਨੇ ਵੀ ਕੀਤੇ ਟੀਮ ਲਈ ਗੋਲ

ਮੈਡਰਿਡ (ਏਐੱਫਪੀ) : ਸੁਪਰ ਸਟਾਰ ਫੁੱਟਬਾਲਰ ਲਿਓਨ ਮੈਸੀ ਦੇ ਸ਼ਾਨਦਾਰ ਚੌਕੇ (ਚਾਰ ਗੋਲ) ਦੀ ਮਦਦ ਨਾਲ ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' 'ਚ ਏਈਬਰ ਨੂੰ 6-1 ਨਾਲ ਹਰਾ ਦਿੱਤਾ। ਪਾਲਿਨ੍ਹੋ ਤੇ ਡੇਨਿਸ ਸੁਆਰੇਜ ਨੇ ਵੀ ਬਾਰਸੀਲੋਨਾ ਲਈ ਇਕ-ਇਕ ਗੋਲ ਕੀਤਾ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਲਗਾਤਾਰ ਆਪਣੇ ਦੂਜੇ ਮੈਚ 'ਚ ਗੋਲ ਕੀਤੇ ਹਨ।

ਬਾਰਸੀਲੋਨਾ ਪੰਜ ਮੈਚਾਂ 'ਚ ਪੰਜ ਜਿੱਤਾਂ ਨਾਲ 15 ਅੰਕ ਹਾਸਿਲ ਕਰ ਕੇ ਸੂਚੀ 'ਚ ਸਿਖ਼ਰ 'ਤੇ ਕਾਇਮ ਹੇ ਜਦਕਿ ਏਈਬਰ ਇੰਨੇ ਹੀ ਮੈਚਾਂ 'ਚ ਦੋ ਜਿੱਤਾਂ, ਤਿੰਨ ਹਾਰਾਂ ਨਾਲ ਛੇ ਅੰਕ ਲੈ ਕੇ 13ਵੇਂ ਸਥਾਨ 'ਤੇ ਹੈ।

ਮੈਚ 'ਚ ਸਭ ਦੀ ਨਜ਼ਰ ਮੈਸੀ 'ਤੇ ਸੀ ਕਿਉਂਕਿ ਲੁਇਸ ਸੁਆਰੇਜ ਦੇ ਨਾ ਖੇਡਣ ਕਾਰਨ ਉਨ੍ਹਾਂ 'ਤੇ ਗੋਲ ਕਰਨ ਦਾ ਦਬਾਅ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਸ਼ਨ ਨਾਲ ਇਸ ਨੂੰ ਸਮਾਪਤ ਕਰ ਦਿੱਤਾ। ਮੈਸੀ ਨੇ ਆਪਣੇ ਅੰਦਾਜ਼ 'ਚ ਪੈਨਲਟੀ ਰਾਹੀਂ ਗੋਲ ਕਰ ਕੇ 21ਵੇਂ ਮਿੰਟ 'ਚ ਟੀਮ ਦਾ ਖਾਤਾ ਖੋਲਿ੍ਹਆ। ਇਸ ਤੋਂ ਬਾਅਦ ਅੱਧੇ ਸਮੇਂ ਤੋਂ ਸੱਤ ਮਿੰਟ ਪਹਿਲਾਂ ਹੀ ਪਾਲਿਨ੍ਹੋ ਨੇ ਡੇਨਿਸ ਸੁਆਰੇਜ ਦੀ ਮਦਦ ਨਾਲ ਬਾਰਸੀਲੋਨਾ ਦੀ ਬੜ੍ਹਤ 2-0 ਕਰ ਦਿੱਤੀ। ਪਹਿਲੇ ਅੱਧ ਤਕ ਬਾਰਸੀਲੋਨਾ 2-0 ਨਾਲ ਅੱਗੇ ਰਿਹਾ।

ਦੂਜੇ ਅੱਧ 'ਚ ਬਾਰਸੀਲੋਨਾ ਨੇ ਚਾਰ ਜਦਕਿ ਏਈਬਰ ਦੀ ਟੀਮ ਨੇ ਇਕ ਗੋਲ ਕੀਤਾ। ਜਲਦੀ ਹੀ 53ਵੇਂ ਮਿੰਟ 'ਚ ਡੇਨਿਸ ਸੁਆਰੇਜ ਨੇ ਚੰਗਾ ਗੋਲ ਕਰ ਕੇ ਟੀਮ ਦੀ ਬੜ੍ਹਤ 3-0 ਕਰ ਦਿੱਤੀ। ਹਾਲਾਂਕਿ ਚਾਰ ਮਿੰਟ ਬਾਅਦ ਹੀ ਸਰਜੀਓ ਐਨਰਿਕ ਨੇ ਗੋਲ ਕਰ ਕੇ ਆਪਣੀ ਟੀਮ ਏਈਬਰ ਦੀ ਮੈਚ 'ਚ ਵਾਪਸੀ ਕਰਵਾਈ ਤੇ ਸਕੋਰ 1-3 ਕਰ ਦਿੱਤਾ। ਇਸ ਤੋਂ ਬਾਅਦ ਮੈਸੀ ਨੇ 59ਵੇਂ ਮਿੰਟ 'ਚ ਸਰਜੀਓ ਬੁਸਕਵੇਟਸ ਦੀ ਮਦਦ ਨਾਲ ਆਪਣਾ ਦੂਜਾ ਤੇ ਟੀਮ ਲਈ ਚੌਥਾ ਗੋਲ ਕੀਤਾ। ਪੰਜ ਵਾਰ ਵਿਸ਼ਵ ਦੇ ਸਰਬੋਤਮ ਖਿਡਾਰੀ ਰਹੇ ਮੈਸੀ ਨੇ ਤਿੰਨ ਮਿੰਟ ਬਾਅਦ ਹੀ ਪਾਲਿਨ੍ਹੋ ਦੇ ਪਾਸ 'ਤੇ ਗੋਲ ਕਰ ਕੇ ਆਪਣੀ ਹੈਟਿ੫ਕ ਪੂਰੀ ਕੀਤੀ ਤੇ ਬਾਰਸੀਲੋਨਾ ਦੀ ਬੜ੍ਹਤ 5-1 ਨਾਲ ਮਜ਼ਬੂਤ ਕਰ ਦਿੱਤੀ। ਮੈਸੀ ਇੱਥੇ ਨਹੀਂ ਰੁਕੇ ਤੇ ਮੈਚ ਦੇ ਸਮਾਪਤ ਹੋਣ ਤੋਂ ਤਿੰਨ ਮਿੰਟ ਪਹਿਲਾਂ ਹੀ ਏਲੇਕਸ ਵਿਡਾਲ ਦੀ ਮਦਦ ਨਾਲ ਆਪਣਾ ਚੌਥਾ ਗੋਲ ਕੀਤਾ ਤੇ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ ਦਿਵਾਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Messi hits four as Barca maintain perfect start