ਕਾਰਤਿਕ ਦੇ ਸੈਂਕੜੇ ਨਾਲ ਤਾਮਿਲਨਾਡੂ ਬਣਿਆ ਚੈਂਪੀਅਨ

Updated on: Mon, 20 Mar 2017 09:15 PM (IST)
  

ਵਿਜੇ ਹਜ਼ਾਰੇ ਟਰਾਫੀ

-ਫਾਈਨਲ ਚ ਬੰਗਾਲ ਨੂੰ 37 ਦੌੜਾਂ ਨਾਲ ਹਰਾਇਆ

-ਸ਼ਮੀ ਨੇ ਵਾਪਸੀ ਕਰਦੇ ਹੋਏ ਚਾਰ ਵਿਕਟਾਂ ਲਈਆਂ

ਨਵੀਂ ਦਿੱਲੀ (ਸਟੇਟ ਬਿਊਰੋ) : ਦਿਨੇਸ਼ ਕਾਰਤਿਕ (112) ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਤਾਮਿਲਨਾਡੂ ਨੇ ਸੋਮਵਾਰ ਨੂੰ ਬੰਗਾਲ ਨੂੰ 37 ਦੌੜਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ 'ਤੇ ਕਬਜ਼ਾ ਕੀਤਾ। ਕਾਰਤਿਕ ਦੀ ਸ਼ਾਨਦਾਰ ਪਾਰੀ ਤੋਂ ਇਲਾਵਾ ਤਾਮਿਲਨਾਡੂ ਦੇ ਬਾਕੀ ਬੱਲੇਬਾਜ਼ ਕੁਝ ਖ਼ਾਸ ਨਾ ਕਰ ਸਕੇ ਅਤੇ ਬੰਗਾਲ ਸਾਹਮਣੇ 218 ਦੌੜਾਂ ਦਾ ਸੌਖਾ ਟੀਚਾ ਰੱਖਿਆ ਹਾਲਾਂਕਿ ਇਹ ਟੀਚਾ ਵੀ ਬੰਗਾਲ ਦੀ ਟੀਮ ਵੱਲੋਂ ਹਾਸਿਲ ਨਾ ਕੀਤਾ ਜਾ ਸਕਿਆ ਅਤੇ ਉਸ ਦੀ ਪੂਰੀ ਟੀਮ 45.5 ਓਵਰਾਂ 'ਚ 180 ਦੌੜਾਂ 'ਤੇ ਸਿਮਟ ਗਈ। ਬੰਗਾਲ ਵੱਲੋਂ ਮੁਹੰਮਦ ਸ਼ਮੀ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਚਾਰ ਤੇ ਅਸ਼ੋਕ ਡਿੰਡਾ ਨੇ ਤਿੰਨ ਵਿਕਟਾਂ ਲਈਆਂ। ਤਾਮਿਲਨਾਡੂ ਨੇ ਇਸ ਰਾਸ਼ਟਰੀ ਇਕ ਦਿਨਾ ਚੈਂਪੀਅਨਸ਼ਿਪ 'ਚ ਤੀਜੀ ਵਾਰ ਬੰਗਾਲ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸ ਨੇ 2008-09 ਤੇ 2009-10 'ਚ ਅਜਿਹਾ ਕੀਤਾ ਸੀ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਤਾਮਿਲਨਾਡੂ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਉਸ ਨੇ 49 ਦੌੜਾਂ ਤਕ ਗੰਗਾ ਸ਼੍ਰੀਧਰ ਰਾਜੂ (04), ਕੌਸ਼ਿਕ ਗਾਂਧੀ (15), ਬਾਬਾ ਅਪਰਾਜਿਤ (03) ਤੇ ਕਪਤਾਨ ਵਿਜੇ ਸ਼ੰਕਰ (02) ਦੇ ਰੂਪ 'ਚ ਆਪਣੀਆਂ ਚਾਰ ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਬਾਬਾ ਇੰਦਰਜੀਤ (32) ਨੇ ਕਾਰਤਿਕ ਨਾਲ ਪੰਜਵੀਂ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਸੰਭਾਲਿਆ। ਕਾਰਤਿਕ ਦੇ ਰੂਪ 'ਚ ਟੀਮ ਦਾ ਆਖ਼ਰੀ ਵਿਕਟ ਡਿੱਗਿਆ। ਆਪਣੀ 120 ਗੇਂਦਾਂ ਦੀ ਪਾਰੀ 'ਚ 14 ਚੌਕੇ ਲਾਉਣ ਵਾਲੇ ਕਾਰਤਿਕ, ਸ਼ਮੀ ਦੀ ਗੇਂਦ 'ਤੇ ਹਿਟਵਿਕਟ ਹੋ ਕੇ ਪਵੇਲੀਅਨ ਮੁੜੇ। ਇਸ ਤਰ੍ਹਾਂ ਤਾਮਿਲਨਾਡੂ ਦੀ ਟੀਮ 47.2 ਓਵਰਾਂ 'ਚ 217 ਦੌੜਾਂ ਹੀ ਬਣਾ ਸਕੀ। ਬੰਗਾਲ ਵੱਲੋਂ ਸ਼੍ਰੀਵਤਸ ਗੋਸਵਾਮੀ (23) ਤੇ ਅਭਿਮਨਿਊ ਈਸ਼ਵਰਨ (01) ਸਸਤੇ 'ਚ ਆਊਟ ਹੋ ਗਏ। ਕਪਤਾਨ ਮਨੋਜ ਤਿਵਾੜੀ ਵੀ ਸਿਰਫ 32 ਦੌੜਾਂ ਬਣਾ ਸਕੇ। ਸੁਦੀਪ ਚੈਟਰਜੀ (58) ਤੇ ਅਨੁਸਤੂਪ ਮਜੂਮਦਾਰ (24) ਨੇ ਪੰਜਵੀਂ ਵਿਕਟ ਲਈ 65 ਦੌੜਾਂ ਜੋੜੀਆਂ। ਤਾਮਿਲਨਾਡੂ ਵੱਲੋਂ ਅਸ਼ਵਿਨ ਰਾਹਿਲ ਤੇ ਐੱਮ ਮੁਹੰਮਦ ਨੇ ਦੋ-ਦੋ ਵਿਕਟਾਂ ਲਈਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Karthik, bowlers guide TN to Vijay Hazare triumph