ਇੰਡੋਰ ਕੋਰਟ 'ਚ ਖੇਡਣ ਨਾਲ ਵੱਡੇ ਪੱਧਰ ਦਾ ਹੋਵੇਗਾ ਮੁਕਾਬਲਾ : ਜੀਸ਼ਾਨ

Updated on: Wed, 13 Sep 2017 07:46 PM (IST)
  

ਡੇਵਿਸ ਕੱਪ

-ਕਿਹਾ, ਧੁੱਪ ਤੇ ਹਵਾ ਵਰਗੇ ਕਾਰਕ ਨਹੀਂ ਪਾ ਸਕਣਗੇ ਅਸਰ

-ਭਾਰਤੀ ਖਿਡਾਰੀਆਂ ਕੋਲੋਂ ਪਲੇਆਫ ਮੁਕਾਬਲੇ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ

ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਡੇਵਿਸ ਕੱਪ ਕੋਚ ਜੀਸ਼ਾਨ ਅਲੀ ਨੂੰ ਕੈਨੇਡਾ ਖ਼ਿਲਾਫ਼ ਅਗਲੇ ਮੁਕਾਬਲੇ 'ਚ ਵੱਡੇ ਪੱਧਰ ਦੀ ਟੈਨਿਸ ਦੀ ਉਮੀਦ ਹੈ ਕਿਉਂਕਿ ਇੰਡੋਰ 'ਚ ਮੁਕਾਬਲੇ ਹੋਣ ਕਾਰਨ ਧੁੱਪ ਤੇ ਹਵਾ ਵਰਗੇ ਕਾਰਕ ਆਪਣਾ ਸਰ ਨਹੀਂ ਪਾਉਣਗੇ।

ਜੀਸ਼ਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਕੋਲੋਂ ਇਸ ਵਿਸ਼ਵ ਗਰੁੱਪ ਪਲੇਆਫ ਮੁਕਾਬਲੇ 'ਚ ਚੰਗੇ ਪ੍ਰਦਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਕਿ 15 ਸਤੰਬਰ ਤੋਂ ਐਡਮੰਟਨ 'ਚ ਸ਼ੁਰੂ ਹੋਵੇਗਾ। ਸਾਡੇ ਖਿਡਾਰੀ ਖ਼ਾਸ ਕਰ ਕੇ ਯੁਕੀ ਭਾਂਬਰੀ ਨੂੰ ਇੰਡੋਰ 'ਚ ਖੇਡਣਾ ਪਸੰਦ ਹੈ। ਜਦ ਅਸੀਂ ਪਿਛਲੀ ਵਾਰ ਨਿਊਜ਼ੀਲੈਂਡ ਖ਼ਿਲਾਫ਼ ਇੰਡੋਰ 'ਚ ਖੇਡੇ ਸੀ ਤਾਂ ਉਸ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਮੈਨੂੰ ਇਸ ਵਿਚ ਆਪਣੇ ਲਈ ਕੋਈ ਨੁਕਸਾਨ ਨਜ਼ਰ ਨਹੀਂ ਆਉਂਦਾ ਪਰ ਇਸ ਨਾਲ ਸਾਨੂੰ ਇਨ੍ਹਾਂ 'ਤੇ ਕੋਈ ਖ਼ਾਸ ਫ਼ਾਇਦਾ ਵੀ ਨਹੀਂ ਮਿਲੇਗਾ।

ਜੀਸ਼ਾਨ ਤੇ ਸਾਬਕਾ ਕਪਤਾਨ ਐੱਸਪੀ ਮਿਸ਼ਰਾ ਦੋਵਾਂ ਦਾ ਮੰਨਣਾ ਹੈ ਕਿ ਭਾਰਤ ਕੋਲ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਵਿਸ਼ਵ ਗਰੁੱਪ 'ਚ ਥਾਂ ਬਣਾਉਣ ਦਾ ਬਹੁਤ ਚੰਗਾ ਮੌਕਾ ਹੈ। ਭਾਰਤ ਪਿਛਲੇ ਤਿੰਨ ਸਾਲਾਂ 'ਚ ਸਰਬੀਆ, ਚੈੱਕ ਗਣਰਾਜ ਤੇ ਸਪੇਨ ਦੀਆਂ ਮਜ਼ਬੂਤ ਟੀਮਾਂ ਹੱਥੋਂ ਹਾਰ ਗਿਆ ਸੀ। ਇਹ ਤਿੰਨੇ ਦੇਸ਼ ਮਜ਼ਬੂਤ ਟੀਮਾਂ ਨਾਲ ਭਾਰਤ ਆਏ ਸਨ ਪਰ ਕੈਨੇਡਾ ਖ਼ਿਲਾਫ਼ ਭਾਰਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਿਸ਼ਵ 'ਚ 51ਵੇਂ ਨੰਬਰ ਦਾ ਡੇਨਿਸ ਸ਼ਾਪੋਵਾਲੋਵ ਤੇ ਡਬਲਜ਼ ਮਾਹਿਰ ਡੇਨੀਅਲ ਨੇਸਟਰ ਹਨ।

ਮਿਸ਼ਰਾ ਨੇ ਕਿਹਾ ਕਿ ਸਾਡੇ ਕੋਲ ਪਿਛਲੇ ਸਾਲਾਂ ਦੇ ਮੁਕਾਬਲੇ ਸਰਬੋਤਮ ਨਾ ਸਹੀ ਪਰ ਚੰਗਾ ਮੌਕਾ ਹੈ। ਕੈਨੇਡਾ ਦੇ ਖਿਡਾਰੀ ਉੱਚੀ ਰੈਂਕਿੰਗ ਦੇ ਹਨ ਪਰ ਸਾਡੀਆਂ ਤਿਆਰੀਆਂ ਚੰਗੀਆਂ ਹਨ। ਯੁਕੀ ਤੇ ਰਾਮਕੁਮਾਰ ਅਜੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਰੋਹਨ ਇਸ ਤੋਂ ਪਹਿਲਾਂ ਡੇਨੀਅਲ ਨੇਸਟਰ ਨੂੰ ਹਰਾ ਚੁੱਕੇ ਹਨ। ਸਾਕੇਤ ਚੰਗੀ ਸਰਵਿਸ ਕਰ ਰਹੇ ਹਨ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਫ਼ਸਵਾਂ ਮੁਕਾਬਲਾ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jishan ali