ਮੁੰਬਈ ਇੰਡੀਅਨਜ਼ ਫਾਈਨਲ 'ਚ

Updated on: Sat, 20 May 2017 12:26 AM (IST)
  

ਹੁਣ ਪੁਣੇ ਸੁਪਰਜਾਇੰਟ ਨਾਲ ਹੋਵੇਗਾ ਫਾਈਨਲ ਮੁਕਾਬਲਾ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮੁੰਬਈ ਖ਼ਿਲਾਫ਼ 21 ਵਿਚੋਂ 16 ਮੈਚ ਹਾਰਨ ਵਾਲੀ ਕੋਲਕਾਤਾ ਦੀ ਟੀਮ ਦਾ ਬੁਰਾ ਹਾਲ ਸ਼ੁੱਕਰਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੀ ਅੌਖੀ ਵਿਕਟ 'ਤੇ ਕੁਆਲੀਫਾਇਰ-2 'ਚ ਦੇਖਣ ਨੂੰ ਮਿਲਿਆ। ਪਹਿਲਾਂ ਉਸ ਦੀ ਪੂਰੀ ਟੀਮ 18.5 ਓਵਰਾਂ 'ਚ ਸਿਰਫ 107 ਦੌੜਾਂ 'ਤੇ ਆਲ ਆਊਟ ਹੋਈ ਅਤੇ ਇਸ ਤੋਂ ਬਾਅਦ ਮੁੰਬਈ ਨੇ ਸਿਰਫ 14.3 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਿਲ ਕਰ ਲਿਆ। ਹੁਣ ਐਤਵਾਰ ਨੂੰ ਹੈਦਰਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਮੁੰਬਈ ਦਾ ਮੁਕਾਬਲਾ ਰਾਈਜ਼ਿੰਗ ਪੁਣੇ ਸੁਪਰਜਾਇੰਟ ਨਾਲ ਹੋਵੇਗਾ। ਪੁਣੇ ਨੇ ਇਸ ਸੈਸ਼ਨ 'ਚ ਦੋ ਲੀਗ ਮੁਕਾਬਲਿਆਂ ਅਤੇ ਕੁਆਲੀਫਾਇਰ-1 'ਚ ਮੁੰਬਈ ਨੂੰ ਹਰਾਇਆ ਹੈ। ਮੁੰਬਈ ਦੋ ਵਾਰ ਆਈਪੀਐੱਲ ਚੈਂਪੀਅਨ ਰਹਿ ਚੁੱਕੀ ਹੈ।

ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਟਾਸ ਨਾਲ ਜਿੱਤ ਦੀ ਜੋ ਸ਼ੁਰੂਆਤ ਕੀਤੀ ਉਹ ਮੈਚ ਨੂੰ ਜਿੱਤਣ ਤੋਂ ਬਾਅਦ ਹੀ ਸਮਾਪਤ ਹੋਈ। ਪੂਰੇ ਮੈਚ 'ਚ ਕਿਤੇ ਵੀ ਨਹੀਂ ਲੱਗਾ ਕਿ ਇਸੇ ਮੈਦਾਨ 'ਚ ਹੋਏ ਏਲੀਮੀਨੇਟਰ 'ਚ ਸਨਰਾਈਜਰਜ਼ ਹੈਦਰਾਬਾਦ ਨੂੰ ਹਰਾਉਣ ਵਾਲੀ ਕੋਲਾਕਾਤਾ ਮੁਕਾਬਲਾ ਕਰਨ ਦੀ ਹਿੰਮਤ ਵੀ ਦਿਖਾ ਸਕੇਗੀ। ਮੁੰਬਈ ਦੇ ਲੈੱਗ ਸਪਿੰਨਰ ਕਰਨ ਸ਼ਰਮਾ (ਚਾਰ ਵਿਕਟਾਂ) ਤੇ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਮਿਸ਼ੇਲ ਜਾਨਸਨ (ਦੋ-ਦੋ ਵਿਕਟਾਂ) ਨੇ ਪਹਿਲਾਂ ਕੋਲਕਾਤਾ ਦੇ ਬੱਲੇਬਾਜ਼ਾਂ ਨੂੰ ਇਕ ਕਦਮ ਇੱਧਰ-ਓਧਰ ਹਿੱਲਣ ਨਹੀਂ ਦਿੱਤਾ। ਮੈਨ ਆਫ ਦ ਮੈਚ ਕਰਨ ਦੀ ਇਹ ਆਈਪੀਐੱਲ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਰਹੀ। ਇਸ ਤੋਂ ਬਾਅਦ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਮੁੰਬਈ ਦੇ ਬੱਲੇਬਾਜ਼ਾਂ ਰੋਹਿਤ ਸ਼ਰਮਾ (26) ਤੇ ਕਰੁਣਾਲ ਪਾਂਡਿਆ (ਅਜੇਤੂ 45) ਨੇ ਟੀਮ ਨੂੰ ਛੇ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਦਿੱਤੀ। ਜਦ ਮੁੰਬਈ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਕੋਲਕਾਤਾ ਨੇ 34 ਦੌੜਾਂ ਦੇ ਸਕੋਰ 'ਤੇ ਹੀ ਓਪਨਰ ਲੇਂਡਲ ਸਿੰਮਜ਼ (03), ਪਾਰਥਿਵ ਪਟੇਲ (14) ਤੇ ਅੰਬਾਤੀ ਰਾਇਡੂ (06) ਨੂੰ ਆਊਟ ਕਰ ਕੇ ਵਾਪਸੀ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਕਰੁਣਾਲ ਤੇ ਰੋਹਿਤ ਨੇ ਆਸਾਨੀ ਨਾਲ ਖੇਡਦੇ ਹੋਏ 10 ਓਵਰਾਂ 'ਚ ਸਕੋਰ ਨੂੰ 64 ਦੌੜਾਂ ਤਕ ਪਹੁੰਚਾ ਦਿੱਤਾ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਕੁਰਣਾਲ ਤੇ ਪੋਲਾਰਡ ਨੇ ਕੋਈ ਵਿਕਟ ਨਹੀਂ ਡਿੱਗਣ ਦਿੱਤਾ। ਕਰੁਣਾਲ ਨੇ ਚੌਕਾ ਮਾਰ ਕੇ ਆਪਣੀ ਟੀਮ ਨੂੰ ਫਾਈਨਲ ਤਕ ਪਹੁੰਚਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ipl kkr