ਅੱਜ ਭਿੜਨਗੇ ਨਵੇਂ-ਪੁਰਾਣੇ ਕਪਤਾਨ

Updated on: Sun, 15 Apr 2018 07:20 PM (IST)
  

ਆਈਪੀਐੱਲ-11

-ਗੌਤਮ ਦੀ ਦਿੱਲੀ ਦਾ ਸਾਹਮਣਾ ਦਿਨੇਸ਼ ਦੀ ਟੀਮ ਕੋਲਕਾਤਾ ਨਾਲ

-ਗੰਭੀਰ ਲਈ ਭਾਵਨਾਤਮਕ, ਤਾਂ ਕਾਰਤਿਕ ਲਈ ਮਨੋਵਿਗਿਆਨਕ ਜੰਗ

ਕੋਲਕਾਤਾ (ਜੇਐੱਨਐੱਨ) : ਤਬਦੀਲੀ ਸੰਸਾਰ ਦਾ ਨਿਯਮ ਹੈ, ਇਹ ਦੱਸਣ ਲਈ ਆਈਪੀਐੱਲ ਤੋਂ ਚੰਗੀ ਮਿਸਾਲ ਹੋਰ ਕੀ ਹੋ ਸਕਦੀ ਹੈ। ਜਿਸ ਟੀਮ ਦੀ ਅਗਵਾਈ ਕਦੀ ਗੌਤਮ ਗੰਭੀਰ ਕਰਿਆ ਕਰਦੇ ਸਨ, ਅੱਜ ਉਸ ਦੀ ਕਮਾਨ ਦਿਨੇਸ਼ ਕਾਰਤਿਕ ਦੇ ਹੱਥਾਂ 'ਚ ਹੈ ਤੇ ਜਿਸ ਟੀਮ ਦਾ ਹੋ ਕੇ ਕਦੀ ਕਾਰਤਿਕ ਖੇਡਿਆ ਕਰਦੇ ਸਨ, ਉਸ ਟੀਮ ਦੇ ਮੁਖੀ ਹੁਣ ਗੰਭੀਰ ਹਨ। ਸੋਮਵਾਰ ਨੂੰ ਨਵੇਂ ਕਪਤਾਨ ਕਾਰਤਿਕ ਦੀ ਅਗਵਾਈ ਵਿਚ ਕੋਲਕਾਤਾ ਦੀ ਟੀਮ ਆਪਣੇ ਪੁਰਾਣੇ ਕਪਤਾਨ ਗੰਭੀਰ ਦੀ ਅਗਵਾਈ ਵਾਲੀ ਟੀਮ ਦਿੱਲੀ ਖ਼ਿਲਾਫ਼ ਜਦ ਈਡਨ ਗਾਰਡਨਜ਼ ਸਟੇਡੀਅਮ ਵਿਚ ਉਤਰੇਗੀ ਤਾਂ ਮੈਦਾਨੀ ਜੰਗ ਨਾਲ ਦੋ ਵੱਖ ਤਰ੍ਹਾਂ ਦੀ ਲੜਾਈ ਵੀ ਹੋ ਰਹੀ ਹੋਵੇਗੀ। ਗੰਭੀਰ ਲਈ ਭਾਵਨਾਤਮਕ ਤੇ ਕਾਰਤਿਕ ਲਈ ਮਨੋਵਿਗਿਆਨਕ ਜੰਗ। ਉਂਝ ਅੰਕੜੇ ਇਕ ਵਾਰ ਫਿਰ ਕੋਲਕਾਤਾ ਨਾਲ ਹਨ। ਦੋਵੇਂ ਟੀਮਾਂ ਆਈਪੀਐੱਲ ਵਿਚ ਹੁਣ ਤਕ 20 ਵਾਰ ਭਿੜੀਆਂ ਹਨ ਜਿਨ੍ਹਾਂ ਵਿਚੋਂ 12 ਵਾਰ ਕੋਲਕਾਤਾ ਤੇ ਅੱਠ ਵਾਰ ਦਿੱਲੀ ਨੂੰ ਜਿੱਤ ਮਿਲੀ ਹੈ।

ਕਾਰਤਿਕ ਸਾਹਮਣੇ ਕਈ ਚੁਣੌਤੀਆਂ :

ਕੋਲਕਾਤਾ ਦੇ ਨਵੇਂ ਕਪਤਾਨ ਕਾਰਤਿਕ ਸਾਹਮਣੇ ਕਈ ਚੁਣੌਤੀਆਂ ਹਨ। ਲਗਾਤਾਰ ਦੋ ਹਾਰਾਂ ਨਾਲ ਟੀਮ ਦਾ ਮਨੋਬਲ ਯਕੀਨੀ ਤੌਰ 'ਤੇ ਡਿੱਗਿਆ ਹੈ। ਕਾਰਤਿਕ ਲਈ ਇਸ ਨਾਕਾਮੀ ਨੂੰ ਅਜੇ ਕਾਬੂ ਹੇਠ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਸਾਹਮਣੇ ਇਕ ਹੋਰ ਵੱਡੀ ਚੁਣੌਤੀ 'ਸਹੀ-11' ਦੀ ਚੋਣ ਦੀ ਵੀ ਹੈ। ਪਿਛਲੇ ਦੋ ਮੈਚਾਂ 'ਚ ਕੋਲਕਾਤਾ ਦੀ ਟੀਮ ਸੰਤੁਲਿਤ ਨਹੀਂ ਦਿਖੀ। ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਦੂਜੇ ਮੈਚ 'ਚ ਗੇਂਦਬਾਜ਼ ਵੱਡੇ ਟੀਚੇ ਨੂੰ ਬਚਾਅ ਨਹੀਂ ਸਕੇ ਤੇ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਪਿਛਲੇ ਮੈਚ 'ਚ ਬੱਲੇਬਾਜ਼ ਨਾਕਾਮ ਰਹੇ। ਕਾਰਤਿਕ ਨੂੰ ਨਾ ਸਿਰਫ਼ ਸੰਤੁਲਿਤ ਇਲੈਵਨ ਦੀ ਚੋਣ ਕਰਨੀ ਪਵੇਗੀ ਬਲਕਿ ਬੱਲੇਬਾਜ਼ੀ ਨੰਬਰ ਨੂੰ ਵੀ ਠੀਕ ਕਰਨਾ ਪਵੇਗਾ। ਪਿਛਲੇ ਮੈਚ 'ਚ ਰਾਬਿਨ ਉਥੱਪਾ ਨੂੰ ਸੁਨੀਲ ਨਾਰਾਇਣ ਦੀ ਥਾਂ ਬਤੌਰ ਓਪਨਰ ਭੇਜਿਆ ਗਿਆ ਤੇ ਨਾਰਾਇਣ ਨੂੰ ਤੀਜੇ ਨੰਬਰ 'ਤੇ। ਦੋਵੇਂ ਹੀ ਨਾਕਾਮ ਰਹੇ ਤੇ ਇਸ ਤਜਰਬੇ ਦਾ ਵੱਡਾ ਖਮਿਆਜਾ ਭੁਗਤਣਾ ਪਿਆ। ਆਮ ਤੌਰ 'ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਸ਼ੁਭਮਨ ਗਿੱਲ ਨੂੰ ਸੱਤਵੇਂ ਸਥਾਨ 'ਤੇ ਭੇਜਿਆ ਗਿਆ। ਉਹ ਵੀ ਕੁਝ ਨਹੀਂ ਕਰ ਸਕੇ।

ਓਪਨਿੰਗ ਕਰ ਸਕਦੇ ਹਨ ਨਾਰਾਇਣ :

ਦਿੱਲੀ ਖ਼ਿਲਾਫ਼ ਨਾਰਾਇਣ ਮੁੜ ਿਯਸ ਲਿਨ ਨਾਲ ਬਤੌਰ ਓਪਨਰ ਮੁੜ ਸਕਦੇ ਹਨ। ਉਥੱਪਾ ਤੋਂ ਵੀ ਹੁਣ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਰਹੀ ਹੈ। ਕਾਰਤਿਕ ਨੂੰ ਵੀ ਛੋਟੇ-ਮੋਟੇ ਸਕੋਰ ਦੇ ਬਦਲੇ ਲੋੜ ਸਮੇਂ ਕਪਤਾਨੀ ਪਾਰੀ ਖੇਡਣੀ ਪਵੇਗੀ। ਉਥੇ ਆਂਦਰੇ ਰਸੇਲ ਦਾ ਬੱਲਾ ਗੱਜਿਆ ਤਾਂ ਫਿਰ ਗੱਲ ਹੀ ਕੀ ਹੋਵੇਗੀ। ਕੋਲਕਾਤਾ ਦੀ ਗੇਂਦਬਾਜ਼ੀ ਫਿਰ ਵੀ ਪਿਛਲੇ ਮੈਚ 'ਚ ਸੁਧਰੀ ਹੈ, ਨਹੀਂ ਤਾਂ 139 ਦੌੜਾਂ ਦੇ ਛੋਟੇ ਜਿਹੇ ਟੀਚੇ ਦਾ ਪਿੱਛਾ ਕਰਨ ਵਿਚ ਹੈਦਰਾਬਾਦ ਨੂੰ 19 ਓਵਰ ਨਹੀਂ ਖੇਡਣੇ ਪੈਂਦੇ। ਤੇਜ਼ ਗੇਂਦਬਾਜ਼ੀ ਦੀ ਕਮਾਨ ਇਕ ਵਾਰ ਮੁੜ ਮਿਸ਼ੇਲ ਜਾਨਸਨ ਤੇ ਸ਼ਿਵਮ ਮਾਵੀ ਨੂੰ ਸੌਂਪੀ ਜਾ ਸਕਦੀ ਹੈ। ਸਪਿੰਨ ਵਿਭਾਗ ਵਿਚ ਨਾਰਾਇਣ, ਪਿਊਸ਼ ਚਾਵਲਾ ਤੇ ਕੁਲਦੀਪ ਯਾਦਵ ਹਨ।

ਲੀਹ 'ਤੇ ਰਹਿਣਾ ਚਾਹੇਗੀ ਦਿੱਲੀ :

ਸ਼ੁਰੂਆਤੀ ਦੋ ਮੈਚਾਂ 'ਚ ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਖ਼ਿਲਾਫ਼ ਜਿੱਤ ਕੇ ਲੀਹ 'ਤੇ ਮੁੜੀ ਦਿੱਲੀ ਆਪਣੀ ਲੈਅ ਕਾਇਮ ਰੱਖਣਾ ਚਾਹੇਗੀ। ਈਡਨ ਵਿਚ ਦਿੱਲੀ ਦੇ ਪ੍ਰਸ਼ੰਸਕਾਂ ਨੂੰ ਕਪਤਾਨ ਗੰਭੀਰ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ ਜਿਨ੍ਹਾਂ ਨੇ ਇੱਥੇ ਕੋਲਕਾਤਾ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਪਿਛਲੇ ਮੈਚ ਦੇ ਹੀਰੋ ਜੇਸਨ ਰਾਏ 'ਤੇ ਵੀ ਸਾਰਿਆਂ ਦੀ ਨਜ਼ਰ ਹੋਵੇਗੀ। ਰਾਏ ਨੇ 53 ਗੇਂਦਾਂ 'ਤੇ ਸ਼ਾਨਦਾਰ ਅਜੇਤੂ 91 ਦੌੜਾਂ ਬਣਾਈਆਂ ਸਨ। ਇਸ ਟੀਮ ਵਿਚ ਗਲੇਨ ਮੈਕਸਵੈਲ, ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਵਰਗੇ ਸ਼ਾਨਦਾਰ ਬੱਲੇਬਾਜ਼ ਵੀ ਹਨ। ਤੇਜ਼ ਗੇਂਦਬਾਜ਼ੀ ਦੀ ਕਮਾਨ ਮੁਹੰਮਦ ਸ਼ਮੀ ਤੇ ਟ੫ੇਂਟ ਬੋਲਟ ਸੰਭਾਲਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian Premier League