ਸਰਦਾਰ ਬਾਹਰ, ਮਨਪ੍ਰੀਤ ਬਣੇ ਕਪਤਾਨ

Updated on: Tue, 13 Mar 2018 06:53 PM (IST)
  

---

ਕੋਟ

ਅਸੀਂ ਆਪਣੇ ਗਰੁੱਪ ਵਿਚ ਸਿਖ਼ਰ 'ਤੇ ਰਹਿ ਕੇ ਸੈਮੀਫਾਈਨਲ 'ਚ ਥਾਂ ਬਣਾਉਣ ਦੀ ਸੋਚਾਂਗੇ। ਜੇ ਆਸਟ੫ੇਲੀਆ ਸਾਨੂੰ ਨਾਕਆਊਟ ਗੇੜ ਵਿਚ ਮਿਲਦੀ ਹੈ ਤਾਂ ਸਾਨੂੰ ਲਗਦਾ ਹੈ ਕਿ ਇਹ ਸਾਡੇ ਲਈ ਵੱਡੀ ਚੁਣੌਤੀ ਹੋਵੇਗੀ।

-ਮਨਪ੍ਰੀਤ ਸਿੰਘ, ਕਪਤਾਨ

----

ਕਾਮਨਵੈਲਥ ਖੇਡਾਂ

-ਅਜਲਾਨ ਸ਼ਾਹ 'ਚ ਖ਼ਰਾਬ ਪ੍ਰਦਰਸ਼ਨ ਬਣਿਆ ਸਰਦਾਰ ਨੂੰ ਕੱਢਣ ਦਾ ਕਾਰਨ

ਨਵੀਂ ਦਿੱਲੀ (ਜੇਐੱਨਐੱਨ) : ਅਗਲੇ ਮਹੀਨੇ ਗੋਲਡ ਕੋਸਟ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਮੰਗਲਵਾਰ ਨੂੰ ਚੁਣੀ ਗਈ ਭਾਰਤੀ ਹਾਕੀ ਟੀਮ ਵਿਚ ਦਿੱਗਜ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਵਾਪਸੀ ਹੋਈ ਹੈ। ਅਜਲਾਨ ਸ਼ਾਹ ਕੱਪ ਵਿਚ ਕਪਤਾਨੀ ਕਰਨ ਵਾਲੇ ਤਜਰਬੇਕਾਰ ਸਰਦਾਰ ਸਿੰਘ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਹੈ। ਸਰਦਾਰ ਨਾਲ ਹੀ ਰਮਨਦੀਪ ਸਿੰਘ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। 18 ਮੈਂਬਰੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਭਾਰਤੀ ਟੀਮ ਨੂੰ ਪੂਲ ਬੀ ਵਿਚ ਪਾਕਿਸਤਾਨ, ਮਲੇਸ਼ੀਆ, ਵੇਲਸ ਤੇ ਇੰਗਲੈਂਡ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਸੱਤ ਅਪ੍ਰੈਲ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਨਾਲ ਕਰੇਗੀ।

ਮਨਪ੍ਰੀਤ ਜਿੱਥੇ ਇਸ ਟੀਮ ਦੇ ਕਪਤਾਨ ਹੋਣਗੇ ਉਥੇ ਚਿੰਗਲੇਨਸਨਾ ਸਿੰਘ ਕਾਂਗੁਜਮ ਉੱਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਮਨਪ੍ਰੀਤ ਦੀ ਹੀ ਕਪਤਾਨੀ ਵਿਚ ਭਾਰਤੀ ਟੀਮ ਨੇ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਸੀ ਤੇ ਪਿਛਲੇ ਸਾਲ ਵਿਸ਼ਵ ਹਾਕੀ ਲੀਗ ਫਾਈਨਲ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। 2017 ਅਜਲਾਨ ਸ਼ਾਹ ਟੂਰਨਾਮੈਂਟ ਵਿਚ ਜ਼ਖ਼ਮੀ ਹੋਏ ਸ਼੍ਰੀਜੇਸ਼ ਨੇ ਨਿਊਜ਼ੀਲੈਂਡ ਦੌਰੇ 'ਤੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ ਉਹੀ ਉਨ੍ਹਾਂ ਦੀ ਕਾਮਨਵੈਲਥ ਟੀਮ ਵਿਚ ਵਾਪਸੀ ਦਾ ਕਾਰਨ ਬਣਿਆ। ਸ਼੍ਰੀਜੇਸ਼ ਤੋਂ ਇਲਾਵਾ ਟੀਮ ਵਿਚ ਇਕ ਹੋਰ ਗੋਲਕੀਪਰ ਦੀ ਭੂਮਿਕਾ ਵਿਚ 22 ਸਾਲਾ ਸੂਰਜ ਕਰਕੇਰਾ ਨੂੰ ਚੁਣਿਆ ਗਿਆ ਹੈ।

ਸਰਦਾਰ ਨੂੰ ਬਾਹਰ ਕਰਨ ਦਾ ਸਭ ਤੋਂ ਵੱਡਾ ਕਾਰਨ ਅਜਲਾਨ ਸ਼ਾਹ ਟੂਰਨਾਮੈਂਟ ਵਿਚ ਉਨ੍ਹਾਂ ਦਾ ਖ਼ਰਾਬ ਪ੍ਰਦਰਸ਼ਨ ਹੈ। ਨੌਜਵਾਨ ਦਿਲਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੂੰ ਨਿਊਜ਼ੀਲੈਂਡ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਟੀਮ ਵਿਚ ਡਿਫੈਂਸ ਦੀ ਭੂਮਿਕਾ ਵਿਚ ਤਜਰਬੇਕਾਰ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਨਾਲ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਕੋਥਾਜੀਤ ਸਿੰਘ, ਗੁਰਿੰਦਰ ਸਿੰਘ ਤੇ ਅਮਿਤ ਰੋਹੀਦਾਸ ਹੋਣਗੇ।

ਮਿਡਫੀਲਡ ਵਿਚ ਟੀਮ ਦੀ ਜ਼ਿੰਮੇਦਾਰੀ ਕਪਤਾਨ ਮਨਪ੍ਰੀਤ ਸਿੰਘ, ਚਿੰਗਲੇਨਸਨਾ ਨਾਲ ਸੁਮਿਤ ਤੇ ਵਿਵੇਕ ਦੇ ਹੱਥਾਂ ਵਿਚ ਹੋਵੇਗੀ। ਭਾਰਤੀ ਟੀਮ ਵਿਚ ਤਜਰਬੇਕਾਰ ਤੇ ਨੌਜਵਾਨ ਖਿਡਾਰੀਆਂ ਦਾ ਮੇਲ ਹੈ, ਜਿੱਥੇ ਐੱਸ ਵੀ ਸੁਨੀਲ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ, ਗੁਰਜੰਟ ਸਿੰਘ ਤੇ ਦਿਲਪ੍ਰੀਤ ਇਕ ਹੀ ਟੀਮ ਵਿਚ ਹਨ। ਭਾਰਤੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਟੀਮ ਦੀ ਚੋਣ ਏਸ਼ੀਆ ਕੱਪ 2017 ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੋਈ ਹੈ। ਸਾਨੂੰ ਲਗਦਾ ਹੈ ਕਿ ਕਾਮਨਵੈਲਥ ਖੇਡਾਂ ਲਈ ਇਹ ਸ਼ਾਨਦਾਰ ਟੀਮ ਸਾਬਿਤ ਹੋਵੇਗੀ। ਕਾਮਨਵੈਲਥ ਵਿਚ ਸਾਡਾ ਪਹਿਲਾ ਟੀਚਾ ਗਰੁੱਪ ਗੇੜ ਵਿਚ ਚੰਗਾ ਪ੍ਰਦਰਸ਼ਨ ਕਰਨ 'ਤੇ ਹੋਵੇਗਾ। ਸਰਦਾਰ ਤੇ ਰਮਨਦੀਪ ਨੂੰ ਬਾਹਰ ਕਰਨ 'ਤੇ ਕੋਚ ਮਾਰਿਨ ਨੇ ਕਿਹਾ ਕਿ ਸਰਦਾਰ ਨੂੰ ਟੀਮ ਵਿਚ ਇਸ ਲਈ ਥਾਂ ਨਹੀਂ ਮਿਲੀ ਹੈ ਕਿਉਂਕਿ ਸੈਂਟਰ ਫਾਰਵਰਡ 'ਤੇ ਉਨ੍ਹਾਂ ਸਾਹਮਣੇ ਚੰਗੇ ਖਿਡਾਰੀ ਸਨ। ਇਸ ਕਾਰਨ ਸਰਦਾਰ ਦੀ ਥਾਂ ਉਨ੍ਹਾਂ ਨੂੰ ਟੀਮ ਵਿਚ ਥਾਂ ਦਿੱਤੀ ਗਈ ਹੈ। ਰਮਨਦੀਪ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਨਹੀਂ ਰਿਹਾ ਹੈ। ਇਹੀ ਉਨ੍ਹਾਂ ਦੇ ਬਾਹਰ ਹੋਣ ਦਾ ਕਾਰਨ ਬਣਿਆ।

ਚੁਣੀ ਗਈ ਟੀਮ :

ਗੋਲਕੀਪਰ : ਪੀਆਰ ਸ਼੍ਰੀਜੇਸ਼, ਸੂਰਜ ਕਰਕੇਰਾ। ਡਿਫੈਂਡਰ : ਰੂਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਕੋਥਾਜੀਤ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹੀਦਾਸ। ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਨਾ ਸਿੰਘ (ਉੱਪ-ਕਪਤਾਨ), ਸੁਮਿਤ, ਵਿਵੇਕ ਸਾਗਰ ਪ੍ਰਸਾਦ। ਫਾਰਵਰਡ : ਅਕਸ਼ਦੀਪ ਸਿੰਘ, ਐੱਸਵੀ ਸੁਨੀਲ, ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਦਿਲਪ੍ਰੀਤ ਸਿੰਘ। ਕੋਚ : ਸ਼ੋਰਡ ਮਾਰਿਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian Hockey Team Selection