ਚਾਂਦੀਮਲ ਤੇ ਮੈਥਿਊਜ਼ ਨੇ ਸ੍ਰੀਲੰਕਾ ਨੂੰ ਫਾਲੋਆਨ ਤੋਂ ਬਚਾਇਆ

Updated on: Mon, 04 Dec 2017 09:11 PM (IST)
  

ਸ੍ਰੀਲੰਕਾ 'ਤੇ ਚੜ੍ਹਾਈ

-ਦਿਨੇਸ਼ ਨੇ ਲਾਇਆ ਅਜੇਤੂ ਸੈਂਕੜਾ, ਏਂਜੇਲੋ ਦਾ ਵੀ ਸੈਂਕੜਾ

-ਭਾਰਤ ਕੋਲ 180 ਦੌੜਾਂ ਦੀ ਬੜ੍ਹਤ, ਸ੍ਰੀਲੰਕਾ ਦੀ ਇਕ ਵਿਕਟ ਬਾਕੀ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਪਤਾਨ ਦਿਨੇਸ਼ ਚਾਂਦੀਮਲ ਤੇ ਸਾਬਕਾ ਕਪਤਾਨ ਏਂਜੇਲੋ ਮੈਥਿਊਜ਼ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਸ੍ਰੀਲੰਕਾ ਦੀ ਟੀਮ ਭਾਰਤ ਖ਼ਿਲਾਫ਼ ਇੱਥੇ ਿਫ਼ਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਤੀਜੇ ਤੇ ਆਖ਼ਰੀ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ ਫਾਲੋਆਨ ਬਚਾਉਣ 'ਚ ਸਫਲ ਰਹੀ। ਚਾਂਦੀਮਲ ਨੇ 341 ਗੇਂਦਾਂ 'ਤੇ 18 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 147 ਦੌੜਾਂ ਬਣਾਈਆਂ ਜਦਕਿ ਮੈਥਿਊਜ਼ 268 ਗੇਂਦਾਂ 'ਤੇ 14 ਚੌਕਿਆਂ ਤੇ ਦੋ ਛੱਕਿਆਂ ਸਹਾਰੇ 111 ਦੌੜਾਂ ਬਣਾ ਕੇ ਆਊਟ ਹੋਏ। ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੇ ਦਮ 'ਤੇ ਸ੍ਰੀਲੰਕਾ ਨੇ ਸਟੰਪ ਤਕ ਨੌਂ ਵਿਕਟਾਂ 'ਤੇ 356 ਦੌੜਾਂ ਬਣਾਈਆਂ। ਹਾਲਾਂਕਿ ਅਜੇ ਵੀ ਸ੍ਰੀਲੰਕਾ ਦੀਆਂ ਮੁਸ਼ਕਿਲਾਂ ਸਮਾਪਤ ਨਹੀਂ ਹੋਈਆਂ ਹਨ ਕਿਉਂਕਿ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਸੱਤ ਵਿਕਟਾਂ 'ਤੇ 536 ਦੌੜਾਂ ਤੋਂ ਉਹ 180 ਦੌੜਾਂ ਪਿੱਛੇ ਹੈ ਤੇ ਉਸ ਦੀ ਸਿਰਫ਼ ਇਕ ਹੀ ਵਿਕਟ ਬਾਕੀ ਹੈ।

ਤਿੰਨ ਮਿੰਟ ਤਕ ਰੁਕੀ ਖੇਡ :

ਸ੍ਰੀਲੰਕਾਈ ਟੀਮ ਸਵੇਰੇ ਤਿੰਨ ਵਿਕਟਾਂ 'ਤੇ 131 ਦੌੜਾਂ ਤੋਂ ਅੱਗੇ ਖੇਡਣ ਉਤਰੀ। ਹਾਲਾਂਕਿ ਐਤਵਾਰ ਦੀ ਤਰ੍ਹਾਂ ਹੀ ਪ੍ਰਦੂਸ਼ਣ ਕਾਰਨ ਸੋਮਵਾਰ ਨੂੰ ਵੀ ਸਵੇਰੇ ਹਾਲਾਤ ਕਾਫੀ ਚੰਗੇ ਨਹੀਂ ਸਨ। ਸ੍ਰੀਲੰਕਾਈ ਖਿਡਾਰੀਆਂ 'ਤੇ ਇਸ ਦਾ ਅਸਰ ਦਿਖਾਈ ਦਿੱਤਾ। ਦਿਨ ਦੀ ਖੇਡ ਦੇ ਸ਼ੁਰੂਆਤੀ ਅੱਧੇ ਘੰਟੇ ਤੋਂ ਬਾਅਦ ਹੀ ਚਾਂਦੀਮਲ ਨੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕੀਤੀ ਜਿਸ ਕਾਰਨ ਲਗਪਗ ਤਿੰਨ ਮਿੰਟ ਤਕ ਖੇਡ ਰੁਕੀ ਰਹੀ। ਹਾਲਾਂਕਿ ਦੁਪਹਿਰ ਹੁੰਦੇ ਹੁੰਦੇ ਹਾਲਾਤ ਕੁਝ ਬਿਹਤਰ ਹੋ ਗਏ।

ਸੰਭਲ ਕੇ ਕੀਤੀ ਸ਼ੁਰੂਆਤ :

ਮੈਥਿਊਜ਼ ਤੇ ਚਾਂਦੀਮਲ ਨੇ ਸਵੇਰੇ ਕਾਫੀ ਸੰਭਲ ਕੇ ਬੱਲੇਬਾਜ਼ੀ ਕੀਤੀ ਤੇ ਸਵੇਰ ਦੇ ਸੈਸ਼ਨ 'ਚ 26.3 ਓਵਰਾਂ ਦੀ ਖੇਡ ਵਿਚ ਸਿਰਫ਼ 61 ਦੌੜਾਂ ਜੋੜੀਆਂ ਹਾਲਾਂਕਿ ਪਹਿਲੇ ਸੈਸ਼ਨ 'ਚ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਮੈਥਿਊਜ਼ ਨੇ ਸੋਮਵਾਰ ਨੂੰ 57 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ। ਉਨ੍ਹਾਂ ਨੇ ਮੁਹੰਮਦ ਸ਼ਮੀ (2/74) ਦੀ ਗੇਂਦ 'ਤੇ ਦਿਨ ਦਾ ਪਹਿਲਾ ਚੌਕਾ ਜੜਿਆ। ਚਾਂਦੀਮਲ ਨੇ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (2/85) 'ਤੇ ਚੌਕੇ ਨਾਲ 54ਵੇਂ ਓਵਰ 'ਚ ਸ੍ਰੀਲੰਕਾ ਦਾ ਸਕੋਰ 150 ਦੌੜਾਂ ਦੇ ਪਾਰ ਪਹੁੰਚਾਇਆ। ਉਨ੍ਹਾਂ ਨੇ ਸ਼ਮੀ 'ਤੇ ਚੌਕਾ ਲਾ ਕੇ ਸੀਰੀਜ਼ 'ਚ ਲਗਾਤਾਰ ਤੀਜਾ ਅਰਧ ਸੈਂਕੜਾ ਪੂਰਾ ਕੀਤਾ।

ਮੈਥਿਊਜ਼ ਨੂੰ ਮਿਲੇ ਕਈ ਜੀਵਨਦਾਨ :

ਦੂਜੇ ਸੈਸ਼ਨ 'ਚ ਵੀ ਧੀਮੀ ਬੱਲੇਬਾਜ਼ੀ ਦਾ ਸਿਲਸਿਲਾ ਜਾਰੀ ਰਿਹਾ। ਸ੍ਰੀਲੰਕਾਈ ਟੀਮ ਨੇ 31 ਓਵਰਾਂ 'ਚ ਸਿਰਫ 78 ਦੌੜਾਂ ਜੋੜੀਆਂ ਤੇ ਇੱਕੋ ਇਕ ਵਿਕਟ ਮੈਥਿਊਜ਼ ਦੇ ਰੂਪ ਵਿਚ ਗੁਆਇਆ। ਲੰਚ ਤੋਂ ਬਾਅਦ ਮੈਥਿਊਜ਼ ਜਦ 93 ਦੌੜਾਂ 'ਤੇ ਸਨ ਤਾਂ ਉਨ੍ਹਾਂ ਨੂੰ ਜੀਵਨਦਾਨ ਮਿਲਿਆ। ਜਡੇਜਾ ਦੀ ਹੇਠਾਂ ਰਹਿੰਦੀ ਗੇਂਦ ਮੈਥਿਊਜ਼ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਰਿੱਧੀਮਾਨ ਸਾਹਾ ਦੇ ਪੈਰਾਂ ਵਿਚਾਲਿਓਂ ਚਾਰ ਦੌੜਾਂ ਲਈ ਚਲੀ ਗਈ। ਭਾਰਤ ਨੇ 81ਵੇਂ ਓਵਰ ਤੋਂ ਬਾਅਦ ਦੂਜੀ ਨਵੀਂ ਗੇਂਦ ਲਈ ਤਾਂ ਇਸ਼ਾਂਤ ਸ਼ਰਮਾ (2/93) ਦੀ ਪਹਿਲੀ ਗੇਂਦ ਨੇ ਮੈਥਿਊਜ਼ ਦੇ ਬੱਲੇ ਦਾ ਬਾਹਰੀ ਕਿਨਾਰਾ ਲਿਆ ਪਰ ਦੂਜੀ ਸਲਿਪ ਵਿਚ ਰੋਹਿਤ ਸ਼ਰਮਾ ਨੇ ਆਸਾਨ ਕੈਚ ਛੱਡ ਦਿੱਤਾ। ਇਸ ਵਾਰ ਮੈਥਿਊਜ਼ 98 ਦੌੜਾਂ 'ਤੇ ਸਨ। ਇਸ਼ਾਂਤ ਦੀ ਗੇਂਦ 'ਤੇ ਹੀ ਐਤਵਾਰ ਨੂੰ ਕੋਹਲੀ ਨੇ ਵੀ ਮੈਥਿਊਜ਼ ਨੂੰ ਜੀਵਨਦਾਨ ਦਿੱਤਾ ਸੀ। ਮੈਥਿਊਜ਼ ਨੇ ਇਸੇ ਓਵਰ 'ਚ ਦੋ ਦੌੜਾਂ ਲੈ ਕੇ 231 ਗੇਂਦਾਂ 'ਤੇ ਆਪਣਾ ਅੱਠਵਾਂ ਟੈਸਟ ਸੈਂਕੜਾ ਪੂਰਾ ਕੀਤਾ। ਮੈਥਿਊਜ਼ ਜਦ 104 ਦੌੜਾਂ 'ਤੇ ਸਨ ਤਾਂ ਜਡੇਜਾ ਦੀ ਗੇਂਦ 'ਤੇ ਬਦਲਵੇਂ ਖਿਡਾਰੀ ਵਿਜੇ ਸ਼ੰਕਰ ਮਿਡਆਫ 'ਤੇ ਉਨ੍ਹਾਂ ਦਾ ਕੈਚ ਲੈਣ 'ਚ ਨਾਕਾਮ ਰਹੇ ਹਾਲਾਂਕਿ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ (3/90) ਚਾਹ ਤੋਂ ਠੀਕ ਪਹਿਲਾਂ ਮੈਥਿਊਜ਼ ਨੂੰ ਸਾਹਾ ਹੱਥੋਂ ਕੈਚ ਕਰਵਾਉਣ 'ਚ ਸਫਲ ਹੋਏ। ਮੈਥਿਊਜ਼ ਨੇ ਚਾਂਦੀਮਲ ਨਾਲ ਚੌਥੀ ਵਿਕਟ ਲਈ 79.2 ਓਵਰਾਂ 'ਚ 181 ਦੌੜਾਂ ਦੀ ਭਾਈਵਾਲੀ ਕੀਤੀ।

ਸਮਰਵਿਯਮਾ ਦਾ ਮਿਲਿਆ ਸਾਥ :

ਤੀਜਾ ਸੈਸ਼ਨ ਪੂਰੀ ਤਰ੍ਹਾਂ ਨਾਲ ਭਾਰਤ ਦੇ ਪੱਖ ਵਿਚ ਰਿਹਾ। ਇਸ ਸੈਸ਼ਨ 'ਚ ਸ੍ਰੀਲੰਕਾ ਨੇ 28 ਓਵਰਾਂ 'ਚ 86 ਦੌੜਾਂ ਬਣਾਈਆਂ ਪਰ ਭਾਰਤੀ ਟੀਮ ਪੰਜ ਵਿਕਟਾਂ ਲੈਣ 'ਚ ਸਫਲ ਰਹੀ। ਚਾਂਦੀਮਲ ਨੇ ਅਸ਼ਵਿਨ ਦੀ ਗੇਂਦ 'ਤੇ ਇਕ ਦੌੜ ਨਾਲ 265 ਗੇਂਦਾਂ 'ਚ ਦਸਵਾਂ ਟੈਸਟ ਸੈਂਕੜਾ ਪੂਰਾ ਕੀਤਾ। ਸਦੀਰਾ ਸਮਰਵਿਯਮਾ (33) ਨੇ ਆਉਂਦੇ ਹੀ ਜਡੇਜਾ 'ਤੇ ਲਗਾਤਾਰ ਦੋ ਚੌਕੇ ਲਾਏ। ਉਨ੍ਹਾਂ ਨੇ ਅਸ਼ਵਿਨ 'ਤੇ ਵੀ ਦੋ ਚੌਕੇ ਲਾਏ। ਚਾਂਦੀਮਲ ਨੇ ਜਡੇਜਾ 'ਤੇ ਚੌਕਾ ਲਾ ਕੇ ਟੀਮ ਦੇ ਸਕੋਰ ਨੂੰ 111ਵੇਂ ਓਵਰ ਵਿਚ 300 ਦੌੜਾਂ ਤੋਂ ਪਾਰ ਪਹੁੰਚਾਇਆ। ਜਲਦੀ ਹੀ ਇਸ਼ਾਂਤ ਦੀ ਆਫ ਸਾਈਡ ਤੋਂ ਬਾਹਰ ਜਾਂਦੀ ਗੇਂਦ 'ਤੇ ਸਮਰਵਿਯਮਾ ਬੱਲਾ ਅੜਾ ਬੈਠੇ ਤੇ ਸਾਹਾ ਨੇ ਸੱਜੇ ਪਾਸੇ ਡਿੱਗਦੇ ਹੋਏ ਸ਼ਾਨਦਾਰ ਕੈਚ ਲਈ। ਸਮਰਵਿਯਮਾ ਨੇ ਚਾਂਦੀਮਲ ਨਾਲ ਪੰਜਵੀਂ ਵਿਕਟ ਲਈ 61 ਦੌੜਾਂ ਦੀ ਭਾਈਵਾਲੀ ਨਿਭਾਈ।

ਖ਼ਰਾਬ ਰੋਸ਼ਨੀ ਨੇ ਰੋਕੀ ਖੇਡ :

ਸ਼ੁਰੂਆਤੀ ਟੈਸਟ ਖੇਡ ਰਹੇ ਰੋਸ਼ਨ ਸਿਲਵਾ (00) ਸਿਰਫ ਚਾਰ ਗੇਂਦਾਂ ਖੇਡ ਕੇ ਅਸ਼ਵਿਨ ਦਾ ਸ਼ਿਕਾਰ ਬਣੇ। ਉਨ੍ਹਾਂ ਨੂੰ ਸ਼ਾਰਟ ਲੈੱਗ 'ਤੇ ਸ਼ਿਖਰ ਧਵਨ ਨੇ ਕੈਚ ਕੀਤਾ। ਅਸ਼ਵਿਨ ਨੇ ਨਿਰੋਸ਼ਨ ਡਿਕਵੇਲਾ (00) ਨੂੰ ਬੋਲਡ ਕਰ ਕੇ ਸ੍ਰੀਲੰਕਾਈ ਟੀਮ ਦੀ ਸੱਤਵੀਂ ਵਿਕਟ ਹਾਸਿਲ ਕੀਤੀ। ਜਲਦੀ ਹੀ ਸੁਰੰਗਾ ਲਕਮਲ (05) ਨੂੰ ਸ਼ਮੀ ਨੇ ਸਾਹਾ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਸ਼ਮੀ ਦੀ ਗੇਂਦ ਚਾਂਦੀਮਲ ਦੇ ਬੱਲੇ ਦਾ ਕਿਨਾਰਾ ਲੈ ਕੇ ਗਲੀ ਤੇ ਸਲਿੱਪ ਵਿਚਾਲਿਓਂ ਚਾਰ ਦੌੜਾਂ ਲਈ ਗਈ ਜਿਸ ਨਾਲ ਸ੍ਰੀਲੰਕਾ ਨੇ ਫਾਲੋਆਨ ਬਚਾਇਆ ਪਰ ਜਡੇਜਾ ਨੇ ਲਾਹਿਰੂ ਗਾਮਾਗੇ (01) ਨੂੰ ਲੱਤ ਅੜਿੱਕਾ ਆਊਟ ਕਰ ਕੇ ਸ੍ਰੀਲੰਕਾ ਨੂੰ ਨੌਵਾਂ ਝਟਕਾ ਦਿੱਤਾ। ਖ਼ਰਾਬ ਰੋਸ਼ਨੀ ਕਾਰਨ ਪੰਜ ਓਵਰ ਪਹਿਲਾਂ ਦਿਨ ਦੀ ਖੇਡ ਸਮਾਪਤ ਕਰ ਦਿੱਤੀ ਗਈ। ਤਦ ਚਾਂਦੀਮਲ ਦਾ ਸਾਥ ਲਕਸ਼ਨ ਸੰਦਾਕਨ ਨਿਭਾਅ ਰਹੇ ਸਨ ਜਿਨ੍ਹਾਂ ਨੇ ਖਾਤਾ ਨਹੀਂ ਖੋਲਿ੍ਹਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India vs srilanka